ਤੰਦਰੁਸਤ ਮਿਸ਼ਨ ਪੰਜਾਬ ਤਹਿਤ ਮੰਡੀ ਬੋਰਡ ਵਲੋਂ ਵੱਖ ਵੱਖ ਸਬਜੀ ਮੰਡੀਆਂ ਦੀ ਕੀਤੀ ਚੈਕਿੰਗ

,

ਮਲੋਟ :- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਜ਼ਿਲਾ ਪ੍ਰਸ਼ਾਸ਼ਨ ਦੀ ਹਦਾਇਤਾਂ ਤੇ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਦੀਆਂ ਸਬਜੀ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਿਲ੍ਹਾ ਮੰਡੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ ਦੇ ਵਿਭਾਗ ਵਲੋਂ ਜ਼ਿਲੇ ਦੀਆਂ ਵੱਖ ਵੱਖ ਸਬਜੀ ਮੰਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਮੰਡੀਆਂ ਵਿਚ ਵਿਕਣ ਵਾਲੇ ਗਲੇ ਸੜੇ ਫਲ ਅਤੇ ਸਬਜੀਆਂ ਦੀ ਵਿਕਰੀ ਦੀ ਰੋਕਥਾਮ ਕੀਤੀ ਜਾ ਸਕੇ। ਉਨਾਂ ਸਬਜੀ ਮੰਡੀ ਵਿਚ ਕੰਮ ਕਰਨ ਵਾਲੇ ਆੜਤੀਆਂ, ਰੇਹੜੀ ਮਾਲਕਾਂ ਅਤੇ ਫੜੀ ਲਗਾ ਕੇ ਫਲ ਅਤੇ ਸਬਜੀ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਨਜਾਇਜ ਗਲੇ ਸੜੇ ਫਲ ਜਾ ਸਬਜੀਆਂ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਬੰਧਿਤ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਵਲੋਂ ਗਲੇ ਸੜੇ ਫਲ ਅਤੇ ਸਬਜੀਆਂ ਚੈਕਿੰਗ ਉਪਰੰਤ ਮੰਡੀਆਂ ਅਤੇ ਮਾਰਕੀਟ ਵਿਚੋਂ ਬਾਹਰ ਸੁੱਟਵਾਏ ਗਏ।