Malout News
ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਸ਼ਾਮਲ ਰਾਜੂ ਬਿਸ਼ੌਦੀ ਗ੍ਰਿਫਤਾਰ
ਮਲੋਟ:-ਕੁਝ ਸਮਾਂ ਪਹਿਲਾਂ ਮਲੋਟ ਵਿਖੇ ਹੋਏ ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਸ਼ਾਮਲ ਰਾਜੂ ਬਿਸ਼ੌਦੀ ਨੂੰ ਅੱਜ ਹਰਿਆਣਾ ਐੱਸ.ਟੀ.ਐੱਫ. ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ । ਬੀਤੇ ਦਿਨੀਂ ਰਾਜੂ ਬਿਸ਼ੌਦੀ ਨੂੰ ਹਰਿਆਣਾ ਐੱਸ.ਟੀ.ਐੱਫ ਦੇ ਯਤਨਾਂ ਸਦਕਾ ਥਾਈਲੈਂਡ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੰਟਰਪੋਲ ਰਾਹੀਂ ਦੇਸ਼ ਭੇਜਣ ਦੇ ਯਤਨ ਜਾਰੀ ਸਨ। ਇਸ ਦੌਰਾਨ ਉਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ, ਜਿਸ ਸਦਕਾ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਰਾਜੂ ’ਤੇ ਇਕ ਦਰਜਨ ਕਤਲ ਦੇ ਮਾਮਲਿਆਂ ਤੋਂ ਇਲਾਵਾ, ਹੋਰ ਲੁੱਟ-ਖੋਹ ਅਤੇ ਕਤਲ ਕੀਤੇ ਜਾਣ ਦੀ ਕੋਸ਼ਿਸ਼ ਦੇ ਮਾਮਲਿਆਂ ਸਮੇਤ ਕਰੀਬ 23 ਮਾਮਲੇ ਦਰਜ ਹਨ। ਪੁਲਸ ਵਲੋਂ ਉਸ ਦੀ ਗ੍ਰਿਫਤਾਰੀ ’ਤੇ ਢਾਈ ਲੱਖ ਦਾ ਇਨਾਮ ਰੱਖਿਆ ਗਿਆ ਸੀ। ਰਾਜੂ ਬਿਸ਼ੌਦੀ ਦਾ ਨਾਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਰਾਜੂ ਬਿਸ਼ੌਦੀ ਦਾ ਨਾਂ ਮਲੋਟ ਦੇ ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਵੀ ਸ਼ਾਮਲ ਹੈ। ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਖੁਲਾਸਾ ਕਰਦਿਆਂ ਪੁਲਸ ਨੇ ਇਹ ਜਾਣਕਾਰੀ ਦਿੱਤੀ ਸੀ।