ਬਿਜਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ

ਮਲੋਟ:- ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸਾਂਝੇ ਫ਼ੋਰਮ ਦੇ ਸੱਦੇ ' ਤੇ ਮੰਡਲ ਮਲੋਟ ਦੇ ਸਮੂਹ ਬਿਜਲੀ ਕਰਮਚਾਰੀਆਂ ਨੇ 66 ਕੇ.ਵੀ. ਵਿਖੇ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਿਜਲੀ ਬੋਰਡ ਮੈਨੇਜਮੈਂਟ ਨੇ 3 ਸਤੰਬਰ 2019 ਨੂੰ ਸਾਂਝੇ ਫ਼ੋਰਮ ਨਾਲ ਮੀਟਿੰਗ ਦੌਰਾਨ ਨਵੀਂ ਭਰਤੀ ਵਿਚ ਸਹਾਇਕ ਲਾਈਨਮੈਨਾਂ ਨੂੰ ਸਕਿਲਜ਼ ਸਕੇਲ ਦਿੱਤੇ ਜਾਣ , ਸਾਰੇ ਮੁਲਾਜ਼ਮਾਂ ਨੂੰ 23 ਸਾਲਾ ਸਕੇਲ ਬਿਨਾਂ ਸ਼ਰਤ ਦਿੱਤੇ ਜਾਣ , ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ , ਬਿਜਲੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀ ਤਰਜ ' ਤੇ 1 ਦਸੰਬਰ 2011 ਤੋਂ ਪੇ ਬੈਂਡ ਸਮੁੱਚੇ ਮੁਲਾਜ਼ਮਾਂ ਨੂੰ ਦਿੱਤੇ ਜਾਣ , ਨਵੇਂ ਮੁਲਾਜ਼ਮਾਂ ਅਤੇ ਰਿਟਾ . ਬਿਜਲੀ ਕਰਮਚਾਰੀਆਂ ਨੂੰ 200 ਯੂਨਿਟ ਪ੍ਰਤੀ ਮਹੀਨਾ ਰਿਆਇਤ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ ਪ੍ਰੰਤੂ ਇਹ ਮੰਨੀਆਂ ਹੋਈਆਂ ਮੰਗਾਂ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ , ਜਿਸ ਲੈ ਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਮੰਨੀਆਂ ਗਈਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਸਮੂਹ ਬਿਜਲੀ ਕਰਮਚਾਰੀ ਫ਼ਰਵਰੀ ਵਿਚ ਹੜਤਾਲ ਕਰਨਗੇ। ਰੈਲੀ ਨੂੰ ਜੋਤ ਸਿੰਘ ਸਕੱਤਰ , ਜਸਵੀਰ ਸਿੰਘ ਸਕੱਤਰ , ਸੁਖਚੈਨ ਸਿੰਘ ਪ੍ਰਧਾਨ , ਜਸਕੌਰ ਸਿੰਘ ਅਤੇ ਬਲਜੀਤ ਸਿੰਘ ਧਾਲੀਵਾਲ ਸਕੱਤਰ ਨੇ ਸੰਬੋਧਨ ਕੀਤਾ।