ਕਿੱਲਿਆਂਵਾਲੀ ਦੇ ਲਾਪਤਾ ਵਿਦਿਆਰਥੀ ਦੀ ਐਕਟਿਵਾ ਬੱਸ ਸਟੈਡ ਮਲੋਟ ਦੇ ਬਾਹਰ ਮਿਲੀ
ਮਲੋਟ (ਆਰਤੀ ਕਮਲ) : ਮੰਡੀ ਕਿੱਲਿਆਂਵਾਲੀ ਦੇ ਨਾਲ ਲਗਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਦਾ ਵਿਦਿਆਰਥੀ ਜਰਮਨਜੀਤ ਜੋ ਕਿ 20 ਤਰੀਕ ਨੂੰ ਘਰੋਂ ਆਪਣੀ ਕਾਲੀ ਐਕਟਿਵਾ ਨੰਬਰੀ ਪੀ.ਬੀ03ਏ 2212 ਤੇ ਬਾਲ ਮੰਦਰ ਸਕੂਲ ਕਿੱਲਿਆਂਵਾਲੀ ਵਿਖੇ ਪ੍ਰੈਕਟੀਕਲ ਦਾ ਪੇਪਰ ਦੇਣ ਗਿਆ ਸੀ ਪਰ ਸਕੂਲ ਨਾ ਪੁੱਜਾ । ਸਕੂਲ ਦੀ ਛੁੱਟੀ ਸਮੇਂ ਜਦ ਸਕੂਲ ਮੈਡਮ ਨੇ ਜਰਮਨਜੀਤ ਦੀ ਮਾਤਾ ਨੂੰ ਉਸਦੇ ਪ੍ਰੈਕਟੀਕਲ ਪੇਪਰ ਵਿਚ ਹਾਜਰ ਨਾ ਹੋਣ ਸਬੰਧੀ ਜਾਣਨ ਲਈ ਫੋਨ ਕੀਤੀ ਤਾਂ ਉਸਦੇ ਲਾਪਤਾ ਹੋਣ ਦਾ ਪਤਾ ਲੱਗਾ ਜਿਸ ਪਿੱਛੋਂ ਉਸਦੇ ਪਰਿਵਾਰ ਵਾਲੇ ਲਗਾਤਾਰ ਉਹਦੀ ਭਾਲ ਵਿਚ ਜੁਟੇ ਹਨ ।
ਜਰਮਨਜੀਤ ਦੇ ਪਿਤਾ ਹੌਲਦਾਰ ਬਲਵਿੰਦਰ ਸਿੰਘ ਆਈਟੀਬੀ ਪੁਲਿਸ ਵਿਚ ਚੰਡੀਗੜ ਵਿਖੇ ਤੈਨਾਤ ਹਨ । ਪਰਿਵਾਰ ਵੱਲੋਂ ਬੱਚੇ ਦੀ ਗੁੰਮਸ਼ੁਦਗੀ ਸਬੰਧੀ ਥਾਣਾ ਸੰਗਤ ਮੰਡੀ ਵਿਖੇ ਵੀ ਸੂਚਨਾ ਦਿੱਤੀ ਗਈ ਜਿਸ ਮਗਰੋਂ ਪੁਲਸ ਵੀ ਬੱਚੇ ਦੇ ਮੋਬਾਇਲ ਲੋਕੇਸ਼ਨ ਦੇ ਅਧਾਰ ਤੇ ਲੱਭਣ ਲੱਗੀ । ਜਰਮਨਜੀਤ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਲੰਬੀ ਨਜਦੀਕ ਪਿੰਡ ਮਾਨ ਦੀ ਹੈ । ਅਚਾਨਕ ਉਕਤ ਐਕਟਿਵਾ ਦੇ ਮਲੋਟ ਬੱਸ ਸਟੈਂਡ ਦੇ ਬਾਹਰ ਸਥਿਤ ਟਰੈਕਟਰ ਏਜੰਸੀ ਦੇ ਸਾਹਮਣੇ ਜੀਟੀ ਰੋਡ ਨਾਲ ਲੱਗਦੀ ਪਾਰਕਿੰਗ ਸਪੇਸ ਤੇ ਖੜੀ ਹੋਣ ਦੀ ਸੂਚਨਾ ਮਿਲਣ ਤੇ ਥਾਣਾ ਸੰਗਤ ਦੀ ਪੁਲਿਸ ਥਾਣਾ ਸਿਟੀ ਪੁਲਿਸ ਮਲੋਟ ਨੂੰ ਨਾਲ ਲੈ ਕੇ ਤਹਿਕੀਕਾਤ ਕਰਨ ਪੁੱਜੀ । ਜਰਮਨਜੀਤ ਦੇ ਪਰਿਵਾਰ ਦੇ ਨਜਦੀਕੀ ਸੂਬੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈਕ ਕੀਤੀ ਜਾ ਰਹੀ ਹੈ । ਪਰ ਐਕਟਿਵਾ ਜਿਥੇ ਖੜੀ ਹੈ ਉਥੇ ਦੀ ਟਰੈਕਟਰ ਏਜੰਸੀ ਦਾ ਜੋ ਕੈਮਰਾ ਕਵਰ ਕਰਦਾ ਹੈ ਉਹ ਇਸ ਸਮੇਂ ਖਰਾਬ ਹੈ । ਪੁਲਿਸ ਅਤੇ ਪਰਿਵਾਰ ਵੱਲੋਂ ਜਰਮਨਜੀਤ ਨੂੰ ਲੱਭਣ ਲਈ ਜੀਟੀ ਰੋਡ ਦੇ ਹੋਰ ਕੈਮਰਿਆਂ ਸਮੇਤ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।