ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਲਗਾਇਆ ਗਿਆ ਕੈਂਸਰ ਜਾਗਰੂਕਤਾ ਕੈਂਪ

ਮਲੋਟ :- ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਹੀਦ ਉਧਮ ਸਿੰਘ ਕਲੱਬ ਪਿੰਡ ਘੁਮਿਆਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਵਿਖੇ ਲਗਾਇਆ ਗਿਆ । ਇਸ ਕੈਂਪ ਵਿੱਚ ਡਾ . ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਮੁੱਖ ਮਹਿਮਾਨ ਦੇ ਤੌਰ ' ਤੇ ਸ਼ਿਰਕਤ ਕੀਤੀ । ਇਸ ਮੌਕੇ ਸਿਵਲ ਹਸਪਤਾਲ ਮਲੋਟ ਦੇ ਡਾ . ਵਿਕਾਸ ਬਾਂਸਲ ਨੇ ਸੰਬੋਧਿਤ ਕਰਦੇ ਕਿਹਾ ਕਿ ਜੇਕਰ ਸਰੀਰ ਵਿੱਚ ਕੋਈ ਗੰਢ ਹੋਵੇ ਤਾਂ ਤੁਰੰਤ ਉਸਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ , ਜ਼ਰੂਰੀ ਨਹੀਂ ਕਿ ਉਹ ਕੈਂਸਰ ਹੀ ਹੋਵੇਗਾ । ਕੈਂਸਰ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ , ਅੱਜ ਪਹਿਲੀ ਜਾਂ ਦੂਸਰੀ ਸਟੇਜ ਤੇ ਪੂਰਾ ਇਲਾਜ ਸੰਭਵ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਢ ਲੱਖ ਰੁਪਏ ਤੱਕ ਕੈਂਸਰ ਦੇ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ । ਜੇਕਰ ਕੈਂਸਰ ਚੌਥੀ ਸਟੇਜ ' ਤੇ ਹੋਵੇ ਤਾਂ ਉਸ ਮਰੀਜ਼ ਨੂੰ ਦਵਾਈਆਂ ਦੇ ਕੇ ਬਾਕੀ ਦੀ ਜਿੰਦਗੀ ਅਸਾਨ ਬਣਾਈ ਜਾ ਸਕਦੀ ਹੈ । ਉਨ੍ਹਾਂ ਲੋਕਾਂ ਨੂੰ ਸਾਦਾ ਭੋਜਨ , ਕਸਰਤ ਅਤੇਸੈਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਹਿਰੂ ਯੁਵਾ ਕੇਂਦਰ ਅਤੇ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਇਸ ਪਰਉਪਕਾਰੀ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ , ਗੁਰਜੰਟ ਸਿੰਘ , ਇੰਸਪੈਕਟਰ ਹਰਮੀਤ ਸਿੰਘ , ਗੁਰਪ੍ਰੀਤ ਸਿੰਘ ਲੱਡਾ ਅਤੇ ਹੋਰ ਵੀ ਅਹੁਦੇਦਾਰ ਮੌਜੂਦ ਸਨ । ਇਸ ਮੌਕੇ ਡਾ.ਸੁਖਦੇਵ ਸਿੰਘ ਗਿੱਲ ਵੱਲੋਂ ਡਾ.ਵਿਕਾਸ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ।