ਮਲੋਟ ਵਿਖੇ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ 12 ਦਿਵਿਆਂਗਾਂ ਨੂੰ ਰਾਜ ਪੱਧਰੀ ਅਵਾਰਡ ਅਤੇ 17 ਦਿਵਿਆਂਗਾਂ ਨੂੰ 57 ਲੱਖ ਰੁਪਏ ਦੇ ਵੰਡੇ ਗਏ ਲੋਨ
ਮਲੋਟ: ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਬੀਤੇ ਸ਼ਨੀਵਾਰ ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ 12 ਦਿਵਿਆਂਗਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੰਡੇ ਗਏ। ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿਤ ਕਾਰਪੋਰੇਸ਼ਨ ਵੱਲੋਂ 57 ਲੱਖ ਰੁਪਏ ਦੇ ਲੋਨ ਪ੍ਰਵਾਨਗੀ ਪੱਤਰ ਦਿਤੇ ਗਏ। ਮੰਤਰੀ ਡਾ. ਬਲਜੀਤ ਕੌਰ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਲਈ ਆਵਾਜਾਈ ਭੱਤਾ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਸਕੀਮ ਛੇਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੌਰਾਨ ਬੰਦ ਕਰ ਦਿੱਤੀ ਗਈ ਸੀ। ਕੈਬਨਿਟ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਹੁਣ ਤੋਂ 60 ਪ੍ਰਤੀਸ਼ਤ ਅਪੰਗਤਾ ਦੀ ਥਾਂ ਤੇ 40 ਪ੍ਰਤੀਸ਼ਤ ਵਾਲੇ ਸਰਕਾਰੀ ਦਿਵਿਆਂਗ ਮੁਲਾਜ਼ਮ ਆਪਣੇ ਸ਼ਹਿਰ ਦੇ ਨੇੜੇ ਤਬਾਦਲੇ ਕਰਵਾ ਸਕਦੇ ਹਨ। ਇਸ ਮੌਕੇ ਦਿਵਿਆਂਗ ਬੱਚਿਆਂ ਵੱਲੋਂ ਰੰਗਾਂ-ਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਵੀ ਕੀਤੀ ਗਈ। ਵੱਖ-ਵੱਖ ਦਿਵਿਆਂਗ ਬੱਚਿਆਂ ਨੂੰ ਪੰਜਾਬੀ ਗੀਤਾਂ ਦੀ ਧੁਨ `ਤੇ ਨੱਚਦੇ ਦੇਖਣ ਤੋਂ ਬਾਅਦ ਮੰਤਰੀ ਨੇ ਕਿਹਾ, "ਪੰਜਾਬ ਸਰਕਾਰ ਨੇ ਰਾਜ ਵਿੱਚ ਅੰਗਹੀਣਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਧਿਆਨ ਕੇਂਦਰਿਤ ਕੀਤਾ ਹੈ”।
ਇਹਨਾਂ ਬੱਚਿਆਂ ਬਾਰੇ ਉਹਨਾਂ ਕਿਹਾ ਕਿ ਦਿਵਿਆਂਗਤਾ ਨਾਲੋਂ ਇਹਨਾਂ ਦੀ ਯੋਗਤਾ ਜ਼ਿਆਦਾ ਮਜ਼ਬੂਤ ਹੈ। ਡਾਇਰੈਕਟਰ ਮਾਧਵੀ ਕਟਾਰੀਆ (ਆਈ.ਏ.ਐੱਸ) ਨੇ ਵੀ ਇਸ ਮੌਕੇ ਬੋਲਦਿਆਂ ਦਿਵਿਆਂਗਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਅਤੇ ਰਾਜ ਸਰਕਾਰ ਵੱਲੋਂ ਪੇਸ਼ ਕੀਤੀਆਂ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ (ਅਲਿਮਕੋ) ਵੱਲੋਂ 219 ਵਿਅਕਤੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲੰਬੀ ਗੁਰਮੀਤ ਖੁੱਡੀਆਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐੱਸ ਪੀ (ਐਚ) ਕੁਲਵੰਤ ਰਾਏ, ਮਲੋਟ ਦੇ ਐੱਸ.ਡੀ.ਐੱਮ ਕੰਵਰਜੀਤ ਸਿੰਘ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡੀ.ਐੱਸ.ਐੱਸ.ਓ ਜਸਵੀਰ ਕੌਰ, ਡੀ.ਪੀ.ਆਰ.ਓ ਗੁਰਦੀਪ ਸਿੰਘ ਮਾਨ, ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਕਾਉਣੀ, ਜ਼ਿਲ੍ਹਾ ਪ੍ਰਧਾਨ ਜਗਦੇਵ ਬਾਮ, ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਕਾਕਾ ਉੜਾਂਗ, ਸਤਿਗੁਰਦੇਵ ਸਿੰਘ ਪੱਪੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੀ.ਡੀ.ਪੀ.ਓ ਰਣਜੀਤ ਕੌਰ, ਸੀ.ਡੀ.ਪੀ.ਓ ਪੰਕਜ ਕੁਮਾਰ, ਪਰਮਦੀਪ ਸਿੰਘ, ਬਲਜਿੰਦਰ ਸਿੰਘ ਅਤੇ ਨੀਤੂ ਬੱਬਰ ਮੌਜੂਦ ਸਨ। Author: Malout Live