ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਭਾਵ ਭਿੰਨੀ ਦਿੱਤੀ ਗਈ ਸ਼ਰਧਾਂਜਲੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਦੇ ਮੌਕੇ ਤੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸ਼ਹੀਦੀਆਂ ਪਾਉਣ ਵਾਲੇ ਬਹਾਦਰ ਪੁਲਿਸ ਅਫਸਰਾਂ ਅਤੇ ਜਵਾਨਾਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਇੱਕ ਜਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਰਾਜ ਕੁਮਾਰ ਗਰਗ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ। ਇਸ ਮੌਕੇ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ, ਸ਼੍ਰੀ ਭਾਗੀਰਥ ਸਿੰਘ ਮੀਨਾ ਸੀਨੀਅਰ ਪੁਲਿਸ ਕਪਤਾਨ, ਸ਼੍ਰੀ ਕੁਲਵੰਤ ਰਾਏ ਐੱਸ.ਪੀ, ਵਿਭਾਗ ਦੇ ਕਰਮਚਾਰੀ ਅਤੇ ਸ਼ਹੀਦ ਪਰਿਵਾਰ ਦੇ ਮੈਂਬਰ ਮੌਜੂਦ ਸਨ। ਇਸ ਮੌਕੇ ਸ਼੍ਰੀ ਰਾਜ ਕੁਮਾਰ ਗਰਗ ਜਿਲ੍ਹਾ ਅਤੇ ਸੈਸ਼ਨ ਜੱਜ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਇਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਵਡੇਰੀਆਂ ਕੁਰਬਾਨੀਆਂ ਕੀਤੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਕੋਈ ਮੁਸ਼ਕਿਲ ਹੋਵੇ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ।
ਇਸ ਮੌਕੇ ਸ਼੍ਰੀ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਨੇ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਵਿੱਚ ਹੋਂਟ ਸਪਰਿੰਗਜ਼ ਦੇ ਸਥਾਨ ਤੇ ਚੀਨੀਆਂ ਹੱਥੋਂ ਸ਼ਹੀਦ ਹੋਏ, ਇੰਡੋ ਤਿਬਤੀਅਨ ਫੋਰਸ ਦੇ 10 ਜਵਾਨਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸਹੀਦ ਹੋਏ ਪੰਜਾਬ ਪੁਲਿਸ ਦੇ 22 ਅਫਸਰਾਂ ਅਤੇ 1768 ਪੁਲਿਸ ਕਰਮਚਾਰੀਆਂ ਜਿਹਨਾਂ ਵਿੱਚ ਪੰਜਾਬ ਹੋਮਗਾਰਡਜ਼ ਦੇ ਜਵਾਨ ਵੀ ਸ਼ਾਮਿਲ ਹਨ ਨੂੰ ਅੱਜ ਦੇ ਦਿਨ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਹਨਾਂ ਵੱਲੋਂ ਦਿਖਾਏ ਗਏ ਕੁਰਬਾਨੀ ਅਤੇ ਤਿਆਗ ਦੇ ਰਸਤੇ ਚਲਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹੀਏ। ਇਸ ਮੌਕੇ ਤੇ ਸ਼੍ਰੀ ਰਵਿੰਦਰ ਸਿੰਘ ਡੀ.ਐੱਸ.ਪੀ ਨੇ ਸਤੰਬਰ 2022 ਤੋਂ ਅਗਸਤ 2023 ਤੱਕ ਦੇਸ਼ ਦੀਆਂ ਵੱਖ-ਵੱਖ ਸੁਰੱਖਿਆਂ ਫੋਰਸਾਂ ਦੇ ਸ਼ਹੀਦਾਂ ਹੋਏ 189 ਅਫਸਰਾਂ ਅਤੇ ਜਵਾਨਾਂ ਦੇ ਨਾਮਾਂ ਦੀ ਸੂਚੀ ਪੜ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਆਪਣਾ ਫਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਫੌਜੀ ਬਲਾਂ ਦੇ ਅਫਸਰਾਂ ਅਤੇ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਡੀ.ਐੱਸ.ਪੀ ਜਸਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਹਥਿਆਰ ਨੀਵੇਂ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਬਿਗਲਰ ਵੱਲੋਂ ਮਾਤਵੀ ਧੁੰਨ ਵਜਾਈ ਗਈ। ਇਸ ਮੌਕੇ ਤੇ ਪੁਲੀਸ ਸ਼ਹੀਦ ਪਰਿਵਾਰਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। Author: Malout Live