ਐੱਨ.ਡੀ.ਆਰ.ਐੱਫ਼ ਟੀਮ ਵੱਲੋਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਰਕਾਰੀ ਹਾਈ ਸਕੂਲ ਵਿੱਚ ਮੌਕੇ ਡਰਿੱਲ ਦਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਰਕਾਰੀ ਹਾਈ ਸਕੂਲ ਘੱਗਾ ਵਿਖੇ ਐੱਨ.ਡੀ.ਆਰ.ਐਫ਼-7 (ਨੈਸ਼ਨਲ ਡਿਸਾਸਟਰ ਰਸਪੋਂਸ ਫ਼ੋਰਸ) ਬਠਿੰਡਾ ਵੱਲੋਂ ਬੱਚਿਆਂ ਦੀ ਐੱਨ.ਡੀ.ਆਰ.ਐੱਫ਼ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਐੱਨ.ਡੀ.ਆਰ.ਐੱਫ਼ ਇੰਚਾਰਜ ਇੰਸਪੈਕਟਰ ਕਨ੍ਹੱਈਆ ਨੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਕੁਦਰਤੀ ਅਤੇ ਮਨੁੱਖੀ ਆਫਤਾਂ ਦੀ ਜਾਣਕਾਰੀ ਦਿੰਦਿਆਂ ਹੋਇਆ ਇਨ੍ਹਾਂ ਆਫਤਾਂ ਤੋਂ ਬਚਣ ਦੇ ਵੱਖ-ਵੱਖ ਢੰਗਾਂ ਅਤੇ ਤਰੀਕਿਆਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਇਸ ਮੌਕੇ ਬੱਚਿਆਂ ਨੇ ਵੀ ਪੂਰੇ ਉਤਸ਼ਾਹ ਨਾਲ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ, ਹਾਰਟ ਅਟੈਕ ਦੇ ਮਰੀਜ਼ ਨੂੰ ਸੀ.ਪੀ.ਆਰ. ਰਾਹੀ ਬਚਾਉਣ, ਅੱਗ ਲੱਗਣ 'ਤੇ ਅੱਗ ਬੁਝਾਉਣ,

ਹੜ੍ਹ ਅਤੇ ਭੂਚਾਲ ਆਉਣ 'ਤੇ ਇਨ੍ਹਾਂ ਤੋਂ ਬਚਨ ਅਤੇ ਹੋਰਨਾਂ ਨੂੰ ਬਚਾਉਣ ਸੰਬੰਧੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਭਵਿੱਖ ਵਿੱਚ ਇਨ੍ਹਾਂ ਆਫਤਾਂ ਤੋਂ ਬਚਣ ਦੇ ਸਾਰੇ ਤਰੀਕੇ ਸਿੱਖੇ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਐਨ.ਡੀ.ਆਰ.ਐਫ਼. ਟੀਮ ਵੱਲੋਂ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਰਿਫਰੈਸ਼ਮੈਂਟ ਅਤੇ ਫਸਟ ਏਡ ਕਿਟ ਦਿੱਤੀ ਗਈ। ਸਕੂਲ ਦੇ ਹੈੱਡਮਾਸਟਰ ਸ੍ਰੀ ਮਹਿੰਦਰ ਚੌਧਰੀ ਅਤੇ ਸਮੂਹ ਸਟਾਫ ਵੱਲੋਂ ਐੱਨ.ਡੀ.ਆਰ.ਐੱਫ਼ ਟੀਮ ਦਾ ਧੰਨਵਾਦ ਕਰਦਿਆਂ ਹੋਇਆ ਟੀਮ ਨੂੰ ਦੋ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਦਾ ਵਿਸ਼ਵਾਸ ਦਿਵਾਇਆ। Author: Malout Live