ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ 'ਤੇ ਵੱਡੀਆਂ ਕੰਪਨੀਆਂ ਨੇ ਪੰਜਾਬ 'ਚ ਨਿਵੇਸ਼ ਕਰਨ ਲਈ ਭਰੀ ਹਾਮੀ
ਮਲੋਟ (ਪੰਜਾਬ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜਰਮਨੀ ਦੌਰੇ ਦੇ ਪਹਿਲੇ ਦਿਨ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਦਿਆਂ ਨਾਮੀਂ ਕੰਪਨੀਆਂ ਨਾਲ ਵਿਚਾਰ-ਚਰਚਾ ਕੀਤੀ ਗਈ। ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਹਨਾਂ ਟਵੀਟ ਕਰਕੇ ਦਾਅਵਾ ਕੀਤਾ ਕਿ 'ਜਰਮਨੀ ਵਿੱਚ ਕਰਵਾਏ ਗਏ 'ਇੰਟਰਨੈਸ਼ਨਲ Trade Fair' ਵਿੱਚ ਹਿੱਸਾ ਲਿਆ। ਬਹੁਤ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਾਮੀ ਭਰੀ ਹੈ।' ਉਹਨਾਂ ਜਰਮਨੀ ਦੇ ਉਦਯੋਗਪਤੀਆਂ ਨੂੰ ਅਗਲੇ ਸਾਲ 23-24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ।
ਭਗਵੰਤ ਮਾਨ ਨੇ ਪ੍ਰਮੁੱਖ ਕੰਪਨੀਆਂ ਜ਼ੈੱਪਲਿਨ, ਬੁਏਲਰ, ਮਾਈਨੈਂਟ, ਡੋਨਲਡਸਨ, ਆਈਗਸ, ਸਿਪ੍ਰਿਆਨੀ ਹੈਰੀਸਨ ਵਾਲਵਸ, ਪੈਂਟੇਅਰ ਅਤੇ ਹੋਰਾਂ ਨਾਲ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ, ਉਦਯੋਗਿਕ ਏਅਰ ਫਿਲਟਰੇਸ਼ਨ ਪ੍ਰਣਾਲੀਆਂ, ਸ਼ੁੱਧੀਕਰਨ ਤਕਨਾਲੋਜੀ, ਪਾਣੀ ਵਿੱਚ ਰਸਾਇਣਾਂ ਦਾ ਮਾਪ ਅਤੇ ਉਦਯੋਗਾਂ ਦੇ ਪਾਣੀ ਨੂੰ ਸੋਧਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਉਦਯੋਗਪਤੀਆਂ ਨੂੰ ਨਿੱਘਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਨੂੰ ਅਪਣਾਉਣ ਲਈ ਹਮੇਸ਼ਾ ਤਿਆਰ ਹੈ। Author: Malout Live