TRAI ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤਾ ਵੱਡਾ ਝਟਕਾ, ਪ੍ਰੀਪੇਡ ਮੋਬਾਇਲ ਗਾਹਕਾਂ ਦੇ ਹੱਕ ਵਿੱਚ ਸੁਣਾਇਆ ਵੱਡਾ ਫੈਂਸਲਾ

ਮਲੋਟ (ਪੰਜਾਬ, ਇੰਡੀਆ): ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਪ੍ਰੀਪੇਡ ਮੋਬਾਈਲ ਗਾਹਕਾਂ ਦੇ ਹੱਕ ਵਿੱਚ ਵੱਡਾ ਫੈਂਸਲਾ ਸੁਣਾਇਆ। TRAI ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੋਬਾਇਲ ਰੀਚਾਰਜ ਦੀ ਵੈਧਤਾ 28 ਦਿਨਾਂ ਦੀ ਬਜਾਏ 30 ਦਿਨ ਦੇਣ। ਇਸ ਦੇ ਨਾਲ ਹੀ, ਟੈਲੀਕਾਮ ਕੰਪਨੀ ਨੂੰ ਹੁਣ ਆਪਣੇ ਪਲਾਨ 'ਚ ਪੂਰੇ ਮਹੀਨੇ ਦੀ ਵੈਧਤਾ ਵਾਲਾ ਵਿਸ਼ੇਸ਼ ਵਾਊਚਰ ਅਤੇ ਕੰਬੋ ਵਾਊਚਰ ਲਿਆਉਣਾ ਹੋਵੇਗਾ। TRAI ਨੇ 7 ਮਹੀਨੇ ਪਹਿਲਾਂ ਵੀ ਇਹ ਨਿਰਦੇਸ਼ ਜਾਰੀ ਕੀਤੇ ਸਨ, ਪਰ ਟੈਲੀਕਾਮ ਕੰਪਨੀਆਂ ਨੇ ਇਸ ਦੀ ਪਾਲਣਾ ਨਹੀਂ ਕੀਤੀ।

ਇਸ ਲਈ TRAI ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫ਼ਿਰ ਤੋਂ ਇਹ ਨਿਰਦੇਸ਼ ਦਿੱਤੇ ਹਨ। ਟੈਲੀਕਾਮ ਕੰਪਨੀਆਂ ਦੇ ਮੌਜੂਦਾ ਪਲਾਨ ਦੀ ਵੈਧਤਾ 28 ਦਿਨਾਂ ਦੀ ਹੁੰਦੀ ਹੈ, ਜਿਸ ਕਾਰਨ ਗਾਹਕਾਂ ਨੂੰ ਸਾਲ ਵਿੱਚ 13 ਵਾਰ ਮਹੀਨਾਵਾਰ ਰੀਚਾਰਜ ਕਰਨਾ ਪੈਂਦਾ ਹੈ। TRAI ਨੇ ਟੈਲੀਕਾਮ ਕੰਪਨੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ਸਾਰੇ ਟੈਲੀਕਾਮ ਸੇਵਾ ਪ੍ਰਦਾਤਾਵਾਂ ਨੂੰ 30 ਦਿਨਾਂ ਦੀ ਵੈਧਤਾ ਦੇ ਨਾਲ ਘੱਟੋ ਘੱਟ ਇੱਕ ਪਲਾਨ ਵਾਊਚਰ, ਇੱਕ ਵਿਸ਼ੇਸ਼ ਟੈਰਿਫ ਵਾਊਚਰ ਅਤੇ ਇੱਕ ਕੰਬੋ ਵਾਊਚਰ ਲਿਆਉਣਾ ਹੋਵੇਗਾ। ਇਸ ਤੋਂ ਇਲਾਵਾ ਕੰਪਨੀਆਂ ਨੂੰ ਨੋਟੀਫਿਕੇਸ਼ਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਨਿਯਮਾਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। Author: Malout Live