26 ਜੁਲਾਈ ਨੂੰ ਪੂਰੇ ਪੰਜਾਬ ਦੇ ਡੀ.ਸੀ, ਐੱਸ.ਡੀ.ਐੱਮ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਕਲਮਛੋੜ ਹੜਤਾਲ ਕਰ ਕੇ ਮੁਕੰਮਲ ਕੰਮ ਰੱਖਣਗੇ ਬੰਦ

ਮਲੋਟ (ਪੰਜਾਬ): ਹਲਕਾ ਵਿਧਾਇਕ ਰੂਪਨਗਰ ਵੱਲੋਂ ਤਹਿਸੀਲ ਦਫ਼ਤਰ ’ਚ ਕੀਤੀ ਗਈ ਚੈਕਿੰਗ ਦੇ ਵਿਰੋਧ ’ਚ ਡਿਵੀਜ਼ਨ ’ਚ ਪੈਂਦੇ ਜ਼ਿਲ੍ਹਾ ਰੂਪਨਗਰ, ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰਾਂ, ਕਾਨੂੰਨਗੋ ਐਸੋਸ਼ੀਏਸ਼ਨ, ਦੀ ਰੈਵੇਨਿਊ ਪਟਵਾਰ ਯੂਨੀਅਨ ਅਤੇ ਸੀ.ਆਰ.ਓ ਯੂਨੀਅਨ ਪੰਜਾਬ, ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਅਤੇ ਇਨ੍ਹਾਂ ਅਧੀਨ ਪੈਂਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਬੀਤੇ ਦਿਨ ਮੁਕੰਮਲ ਕਲਮਛੋੜ ਹੜਤਾਲ ਕੀਤੀ ਗਈ। ਸਮੂਹ ਦਫ਼ਤਰੀ ਬੁਲਾਰਿਆਂ ਨੇ ਕਿਹਾ ਕਿ ਚੈਕਿੰਗ ਦੇ ਨਾਂ ’ਤੇ ਹਲਕਾ ਵਿਧਾਇਕ ਵੱਲੋਂ ਕੀਤੀ ਗਈ ਕਾਰਵਾਈ ਕੰਮ ’ਚ ਰੁਕਾਵਟ ਪਾਉਣ ਅਤੇ ਕਰਮਚਾਰੀਆਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਕਰਮਚਾਰੀਆਂ ’ਤੇ ਬਿਨਾਂ ਕਿਸੇ ਸਬੂਤਾਂ ਦੇ ਕੁਰੱਪਸ਼ਨ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ’ਤੇ ਲਾਈਵ ਕਰਨ ਨਾਲ ਕਰਮਚਾਰੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਗਈ। ਜਿਸ ਕਾਰਨ ਕਰਮਚਾਰੀਆਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ 25 ਅਤੇ 26 ਜੁਲਾਈ ਨੂੰ ਪੂਰੇ ਪੰਜਾਬ ਦੇ ਡੀ.ਸੀ ਦਫ਼ਤਰਾਂ, ਐੱਸ.ਡੀ.ਐੱਮ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਕਲਮਛੋੜ ਹੜਤਾਲ ਕਰ ਕੇ ਮੁਕੰਮਲ ਕੰਮ ਬੰਦ ਰੱਖਣਗੇ ਅਤੇ ਹੜਤਾਲ ਦੇ ਦੌਰਾਨ 26 ਜੁਲਾਈ ਨੂੰ ਦਫ਼ਤਰ ਰੂਪਨਗਰ ਦੇ ਬਾਹਰ ਸੂਬਾ ਪੱਧਰੀ ਇਕੱਠ ਕਰ ਕੇ ਰੂਪਨਗਰ ਸ਼ਹਿਰ ਦੇ ਵੱਖ-ਵੱਖ ਚੌਂਕਾਂ ’ਚੋਂ ਲੰਘਦੇ ਹੋਏ ਹਲਕਾ ਵਿਧਾਇਕ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨਾਂ ਨੂੰ ਭਰੋਸੇ ’ਚ ਲਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। Author: Malout Live