ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਿਪਟੀ ਕਮਿਸ਼ਨਰ ਵਲੋਂ ਵਿਭਾਗਾਂ ਨਾਲ ਬੈਠਕ
ਸ੍ਰੀ ਮੁਕਤਸਰ ਸਾਹਿਬ:- ਦੁਨੀਆਂ ਭਰ ਵਿੱਚ ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਦੇ ਮੱਦੇ ਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਬਿਮਾਰੀ ਦੇ ਟਾਕਰੇ ਲਈ ਪੂਰੀ ਤਿਆਰੀ ਰੱਖਣ ਦੇ ਦਿੱਤੇ ਆਦੇਸਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਸਾਰੇ ਵਿਭਾਗਾਂ ਨਾਲ ਬੈਠਕ ਕੀਤੀ ਅਤੇ ਹਰ ਤਰ੍ਹਾਂ ਦੇ ਅਗੇਤੇ ਪ੍ਰਬੰਧ ਕਰਨ ਦੇ ਨਾਲ ਜਨ ਜਾਗਰੂਕਤਾ ਗਤੀ ਵਿਧੀਆ ਕਰਨ ਲਈ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਫਿਲਹਾਲ ਪੰਜਾਬ ਵਿੱਚ ਹਾਲੇ ਕੋਈ ਗੰਭੀਰ ਖਤਰਾ ਨਹੀਂ ਹੈ, ਪਰ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਜਰੂਰਤ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਬਿਮਾਰੀ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਲਈ ਜਾਗਰੂਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਹਨਾਂ ਨੇ ਇਸ ਮੌਕੇ ਕਿਹਾ ਕਿ ਹੱਥ ਮਿਲਾਉਣ ਦੀ ਬਜਾਏ ਹੱਥ ਜੋੜ ਕੇ ਨਮਸਤੇ ਜਾਂ ਫਤਿਹ ਬੁਲਾਉਣ ਦੀ ਆਦਤ ਬਣਾਈ ਜਾਵੇ। ਉਹਨਾਂ ਨੇ ਕਿਹਾ ਕਿ ਜਰੂਰੀ ਹੈ ਕਿ ਇਸ ਬਿਮਾਰੀ ਪ੍ਰਤੀ ਅਫਵਾਹਾਂ ਨਾ ਫੈਲਣ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ।ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਇਸ ਤਹਿਤ ਏ.ਡੀ.ਸੀ ਜਨਰਲ ਸ੍ਰੀ ਸੰਦੀਪ ਕੁਮਾਰ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਸਰਕਾਰ ਵਲੋਂ ਬਿਮਾਰੀ ਦੀ ਰੋਕਥਾਮ ਲਈ ਸਾਰੇ ਇੰਤਜਾਮ ਕੀਤੇ ਗਏ ਹਨ।
ਏ.ਡੀ.ਸੀ ਜਨਰਲ ਸ੍ਰੀ ਸੰਦੀਪ ਕੁਮਾਰ ਨੇ ਦੱਸਿਆਂ ਕਿ ਇਸ ਬਿਮਾਰੀ ਸਬੰਧੀ ਅਫਵਾਹਾਂ ਨਾ ਫੈਲਾਈਆਂ ਜਾਣ ਅਤੇ ਜੇਕਰ ਕੋਈ ਅਜਿਹਾ ਕਰੇਗਾਂ ਤਾਂ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ: ਐਚ.ਐਨ. ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਲੱਛਣਾਂ ਬਾਰੇ ਹਰ ਕੋਈ ਜਾਣਕਾਰੀ ਰੱਖੇ । ਲੋਕ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਬੰਦਨਾ ਬਾਂਸਲ ਨੇ ਕਿਹਾ ਕਿ ਇਸ ਬਿਮਾਰੀ ਦੇ ਲੱਛਣ ਬੁਖਾਰ,ਥਕਾਵਟ, ਸੁੱਕੀ ਖੰਘ ਹਨ। ਸਿਹਤ ਵਿਭਾਗ ਨੇ 01633-264792 ਹੈਲਪ ਲਾਈਨ ਨੰਬਰ ਸਥਾਪਿਤ ਕੀਤਾ ਗਿਆ ਹੈ। ਇਹ ਸਵੇਰੇ 9 ਤੋਂ 5 ਵਜੇ ਤੱਕ ਚਲੇਗਾ। ਬੈਠਕ ਵਿੱਚ ਐਸ.ਪੀ ਕੁਲਵੰਤ ਰਾਏ, ਸ੍ਰੀ ਗੋਪਾਲ ਸਿੰਘ ਅਤੇ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮਜ, ਡੀ.ਡੀ.ਪੀ.ਓ ਅਰੁਣ ਕੁਮਾਰ ਜਿ਼ਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਮਾਨ ਵੀ ਹਾਜ਼ਰ ਸਨ