ਹੁਣ ਨਹੀਂ ਹੋਣਗੇ ਪੇਪਰ ਲੀਕ, ਸਿੱਖਿਆ ਵਿਭਾਗ ਨੇ ਵਰਤੀ ਨਵੀਂ ਤਕਨੀਕ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਪੰਜਾਬ 'ਚ ਬੋਰਡ ਦੀਆਂ ਪ੍ਰੀਖਿਆਵਾਂ 'ਚ ਪੇਪਰ ਲੀਕ ਹੋਣ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ ਸਾਲ ਵੀ 12ਵੀਂ ਦਾ ਅੰਗਰੇਜ਼ੀ ਦਾ ਇੱਕ ਪੇਪਰ ਲੀਕ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਇੱਕ ਨਵੀਂ ਤਕਨੀਕ ਵਰਤੀ ਹੈ। ਇਸ ਵਾਰ ਸੈਸ਼ਨ 2023-24 ਲਈ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਸੰਬੰਧੀ ਸਖ਼ਤ ਤਿਆਰੀ ਕੀਤੀ ਗਈ। ਪ੍ਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰ ਲੀਕ ਨਾ ਹੋਵੇ, ਇਸ ਲਈ PSEB ਨੇ ਵਿਸ਼ੇਸ਼ ਰਣਨੀਤੀ ਬਣਾਈ ਹੈ। ਨਵੀਂ ਯੋਜਨਾ ਤਹਿਤ ਪ੍ਰਸ਼ਨ ਪੱਤਰ ਬੈਂਕਾਂ ਜ਼ਰੀਏ ਪ੍ਰੀਖਿਆ ਕੇਂਦਰਾਂ 'ਤੇ ਭੇਜਣ ਦੀ ਬਜਾਏ ਆਨਲਾਈਨ ਪੋਰਟਲ ਰਾਹੀਂ ਭੇਜੇ ਜਾਣਗੇ।

ਪ੍ਰੀਖਿਆ ਤੋਂ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟ ਨੂੰ ਪ੍ਰਸ਼ਨ ਪੱਤਰ ਮਿਲਣਗੇ। ਇਸ ਸਬੰਧੀ PSEB ਨੇ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ ਤੇ ਬੋਰਡ ਵੱਲੋਂ ਡਮੀ ਪ੍ਰੀਖਿਆਵਾਂ ਵੀ ਕਰਵਾਈਆਂ ਜਾ ਰਹੀਆਂ ਹਨ। ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਮਾਰਚ 'ਚ 12ਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਪੋਰਟਲ ਰਾਹੀਂ ਹੀ ਭੇਜੇ ਜਾਣਗੇ। ਬੋਰਡ ਮੈਨੇਜਮੈਂਟ ਮੁਤਾਬਕ, 12ਵੀਂ ਦੀ Physics, Biology, Chemistry, Fundamental of Business ਤੇ Home Science ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਭੇਜੇ ਜਾਣਗੇ। Author: Malout Live