ਸਿਹਤ ਵਿਭਾਗ ਵੱਲੋਂ 27 ਫਰਵਰੀ ਤੋਂ 1 ਮਾਰਚ 2022 ਤੱਕ ਚਲਾਈ ਜਾ ਰਹੀ ਹੈ ਨੈਸ਼ਨਲ ਪਲਸ ਪੋਲੀਓ ਮੁਹਿੰਮ- ਡਾ. ਰੰਜੂ ਸਿੰਗਲਾ ਸਿਵਲ ਸਰਜਨ
ਮਲੋਟ:- ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਲਸ ਪੋਲੀਓ ਮੁਹਿੰਮ ਦੇ ਸੰਬੰਧ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਤੋਂ ਸੁਰੱਖਿਆ ਲਈ ਮਿਤੀ 27 ਫਰਵਰੀ 2022 ਨੂੰ ਪਲਸ ਪੋਲੀਓ ਰਾਊਂਡ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀ ਪ੍ਰਧਾਨਗੀ ਵਿੱਚ ਸਿਹਤ ਵਿਭਾਗ ਦੇ ਸਾਰੇ ਸਟਾਫ਼ ਅਤੇ ਹੋਰ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਇਸ ਸਮੇਂ ਉਹਨਾਂ ਦੱਸਿਆ ਕਿ ਨੈਸ਼ਨਲ ਪਲਸ ਪੋਲੀਓ ਮੁਹਿਮ ਦੌਰਾਨ 0 ਤੋਂ 5 ਸਾਲ ਦੇ ਹਰ ਇੱਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆ ਜਾ ਰਹੀਆਂ ਹਨ। ਉਹਨਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਇਸ ਨੌਬਲ ਕਾਰਜ ਵਿੱਚ ਸਹਿਯੋਗ ਦੇਣ ਤਾਂ ਜ਼ੋ ਇਸ ਮੁਹਿੰਮ ਨੂੰ ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕੇ। ਉਹਨਾਂ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਨਿਕਲਿਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ। ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਜਿਵੇਂ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਵਿੱਚ ਅਜੇ ਵੀ ਪੋਲੀਓ ਦੇ ਕੇਸ ਮਿਲ ਰਹੇ ਹਨ। ਇਨ੍ਹਾਂ ਦੇਸ਼ਾਂ ਤੋਂ ਭਾਰਤ ਵਿੱਚ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ।
ਜਿਸ ਕਰਕੇ ਭਾਰਤ ਨੂੰ ਉਨਾਂ ਦੇਸ਼ਾਂ ਤੋਂ ਪੋਲੀਓ ਵਾਇਰਸ ਆਉਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਾਨੂੰ ਰਲ ਮਿਲ ਕੇ ਜ਼ੋ ਪੋਲੀਓ ਦੀ ਬਿਮਾਰੀ ਨੂੰ ਦੇਸ਼ ਵਿੱਚੋਂ ਖਤਮ ਕੀਤਾ ਗਿਆ ਹੈ, ਇਸ ਖਾਤਮੇ ਨੂੰ ਬਰਕਰਾਰ ਰੱਖਣ ਦੀ ਜਰੂਰਤ ਹੈ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਪੋਲੀਓ ਰਾਊਂਡ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 797 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਮਿਤੀ 27 ਫਰਵਰੀ ਨੂੰ ਬੂਥਾਂ ਅਤੇ 28 ਫਰਵਰੀ ਅਤੇ 1 ਮਾਰਚ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣਗੀਆਂ। ਇਸ ਮੁਹਿੰਮ ਦੌਰਾਨ ਲੱਗਭਗ 92764 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਡਾ. ਸੁਨੀਲ ਬਾਂਸਲ ਜਿਲਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਮੋਬਾਇਲ ਟੀਮਾਂ ਜੋ ਕਿ ਦੂਰ ਦੁਰਾਡੇ ਭੱਠਿਆਂ, ਮਾਈਗ੍ਰੇਟਰੀ ਆਬਾਦੀ, ਢਾਣੀਆਂ, ਦਾਣਾ ਮੰਡੀ, ਫੈਕਟਰੀਆਂ ਆਦਿ ਵਿੱਚ ਜਾ ਕੇ ਪੋਲੀਓ ਬੂੰਦਾਂ ਪਿਲਾਓਣਗੀਆ। ਟ੍ਰਾਂਜਿਟ ਟੀਮਾਂ ਜੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਆਦਿ ਤੇ ਬੂੰਦਾਂ ਪਿਲਾਉਣਗੀਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋ 5 ਸਾਲ ਤੱਕ ਦੇ ਬੱਚੇ ਨੂੰ ਨੇੜੇ ਦੇ ਪੋਲੀਓ ਬੂਥ ਤੋਂ ਬੂੰਦਾਂ ਜਰੂਰ ਪਿਲਾਉਣ ਭਾਵੇਂ ਬੱਚਾ ਬਿਮਾਰ ਹੋਵੇ, ਪਹਿਲਾਂ ਬੂੰਦਾਂ ਪੀ ਚੁੱਕਾ ਹੋਵੇ, ਜਾਂ ਨਵਜੰਮਿਆ ਹੋਵੇ।