ਨੈਸ਼ਨਲ ਚਾਈਲਡ ਲੇਬਰ ਪ੍ਰਾਜੈਕਟ ਸਪੈਸ਼ਲ ਸਕੂਲਾਂ ਦੇ ਅਧਿਆਪਕਾਂ ਨੇ ਮੰਗੀ ਭੀਖ
ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਸਾਲ 2000 'ਚ ਸ਼ੁਰੂ ਕੀਤੇ ਗਏ ਨੈਸ਼ਨਲ ਚਾਈਲਡ ਲੇਬਰ ਪ੍ਰਾਜੈਕਟ ਸਪੈਸ਼ਲ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ 11 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਦੇ ਰੋਸ ਵਜੋਂ ਅਧਿਆਪਕਾਂ ਵਲੋਂ ਅੱਜ ਅੰਮ੍ਰਿਤਸਰ ਦੇ ਹਾਲ ਬਾਜ਼ਾਰ 'ਚ ਭੀਖ ਮੰਗੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਮੰਗੀ ਗਈ ਭੀਖ 'ਚ ਜੋ ਪੈਸੇ ਇਕੱਠੇ ਹੋਏ ਹਨ, ਉਨ੍ਹਾਂ ਪੈਸਿਆਂ ਨਾਲ ਉਹ ਦੀਵਾਲੀ ਮੌਕੇ ਮਿਠਾਈ ਲਿਆ ਕੇ ਆਲਾ-ਅਧਿਕਾਰੀਆਂ ਨੂੰ ਵੰਡਣਗੇ ਤਾਂ ਜੋ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸ਼ਰਮ ਆ ਸਕੇ। ਉਨ੍ਹਾਂ ਦੱਸਿਆ ਕਿ ਕੁੱਲ 117 ਅਧਿਆਪਕ ਹਨ, ਜਿਨ੍ਹਾਂ ਨੂੰ 2018 'ਚ ਆਖਰੀ ਵਾਰ ਤਨਖਾਹ ਦਿੱਤੀ ਗਈ ਸੀ। ਇਥੋ ਤੱਕ ਕਿ ਨਾਨ ਟੀਚਿੰਗ ਨੂੰ ਵੀ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜੇਕਰ 20 ਦਸੰਬਰ ਤੱਕ ਕੋਈ ਸਕਾਰਾਤਮਕ ਜਵਾਬ ਨਾ ਮਿਲਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।