ਜੀ.ਟੀ.ਬੀ .ਖਾਲਸਾ ਪਬਲਿਕ ਸਕੂਲ ਦੇ 3 ਵਿਦਿਆਰਥੀਆਂ ਦੀ ਹੋਈ ਨੈਸ਼ਨਲ ਪੱਧਰ ਮੁਕਾਬਲੇ ਲਈ ਚੋਣ

ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪਾਵਰ ਲਿਫਟਿੰਗ ਦੇ ਰਾਜ ਪੱਧਰੀ ਖੇਡ ਮੁਕਾਬਲੇ ਬਠਿੰਡਾ ਦੇ ਐੱਮ.ਐੱਸ.ਡੀ. ਸਕੂਲ ਵਿੱਚ ਮਿਤੀ 20/10/2019 ਤੋਂ 22/10/2019 ਤੱਕ ਕਰਵਾਏ ਗਏ । ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜੀ.ਟੀ.ਬੀ .ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਕੂਲ ਦੇ ਵਿਦਿਆਰਥੀ ਗੁਰਭੇਜ ਸਿੰਘ ਨੇ ਉਮਰ ਵਰਗ 19 ਸਾਲ ਪਾਵਰ ਲਿਫਟਿੰਗ ਮੁਕਾਬਲੇ ਵਿੱਚ 3 ਕੁਵਿੰਟਲ 95 ਕਿਲੋ ਅਤੇ ਜਸਮਨਜੋਤ ਸਿੰਘ ਉਮਰ ਵਰਗ 17 ਸਾਲ ਨੇ 3 ਕੁਵਿੰਟਲ 79 ਕਿਲੋ 500 ਗ੍ਰਾਮ ਭਾਰ ਚੱਕ ਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰ ਸੋਨ ਤਗਮਾ ਜਿੱਤ ਕੇ ਨੈਸ਼ਨਲ ਪੱਧਰ ਤੇ ਹੋਣ ਜਾ ਰਹੇ ਮੁਕਬਲਿਆਂ ਵਿੱਚ ਆਪਣਾ ਸਥਾਨ ਪੱਕਾ ਕੀਤਾ ਅਤੇ ਇਲਾਕੇ ਵਿੱਚ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਇਸ ਤੋਂ ਇਲਾਵਾ ਸੀ.ਬੀ.ਐੱਸ.ਈ. ਬੋਰਡ ਦੇ ਕਲੱਸਟਰ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਸੰਸਥਾ ਦੇ ਵਿਦਿਆਰਥੀ ਨਵਜੋਤ ਸਿੰਘ ਨੇ 13.55 ਮੀਟਰ ਦੀ ਦੂਰੀ ਤੇ ਗੋਲਾ ਸੁੱਟ ਕੇ ਸੋਨ ਤਗਮਾ ਜਿੱਤਿਆ ਅਤੇ ਨੈਸ਼ਨਲ ਪੱਧਰ ਤੇ ਹੋਣ ਵਾਲੇ ਮੁਕਾਬਲੇ ਲਈ ਆਪਣਾ ਸਥਾਨ ਪੱਕਾ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ, ਸੈਕਰਟਰੀ ਸ: ਗੁਰਬਚਨ ਸਿੰਘ ਮੱਕੜ, ਸਮੂਹ ਕਮੇਟੀ ਮੈਂਬਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਹੇਮਲਤਾ ਕਪੂਰ ਨੇ ਸੰਸਥਾਂ ਦੇ ਵਿਦਿਆਰਥੀ ਗੁਰਭੇਜ ਸਿੰਘ, ਜਸਮਨਜੋਤ ਸਿੰਘ ਅਤੇ ਨਵਜੋਤ ਸਿੰਘ ਅਤੇ ਉਨ੍ਹਾਂ ਦੇ ਕੋਚ ਬੋਹੜ ਸਿੰਘ (ਡੀ.ਪੀ.ਈ.) ਸਤਪਾਲ ਸਿੰਘ (ਡੀ.ਪੀ.ਈ.) ਅਤੇ ਸਰੋਜ ਰਾਣੀ (ਡੀ.ਪੀ.ਈ.) ਨੂੰ ਇਸ ਪ੍ਰਸੰਸਾ ਪੂਰਨ ਜਿੱਤ ਤੇ ਵਧਾਈ ਦਿੱਤੀ ਅਤੇ ਨੈਸ਼ਨਲ ਪੱਧਰ ਤੇ ਹੋਣ ਜਾ ਰਹੇ ਮੁਕਾਬਲੇ ਵਿੱਚ ਹੋਰ ਵਧੀਆ ਪ੍ਰਦਸ਼ਨ ਕਰਨ ਲਈ ਵੀ ਪ੍ਰੇਰਿਆ ।