ਨਗਰ ਕੌਂਸਲ ਮਲੋਟ ਦੀ ਟੀਮ ਨੇ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਏ
ਮਲੋਟ:- ਬਦਤਰ ਹੁੰਦੀ ਜਾ ਰਹੀ ਆਵਾਜਾਈ ਦੀ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਵਲੋਂ ਗਠਿਤ ਕੀਤੀ ਟੀਮ ਸੈਨਟਰੀ ਸੁਪਰਵਾਈਜ਼ਰ ਸਰਬਜੀਤ ਸਿੰਘ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਅੱਜ ਮੇਨ ਬਾਜ਼ਾਰ, ਗੁੜ ਬਾਜ਼ਾਰ, ਸੁਪਰ ਬਾਜ਼ਾਰ ਆਦਿ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਅਤੇ ਸੜਕ ' ਤੇ ਪਿਆ ਸਾਮਾਨ ਜ਼ਬਤ ਕੀਤਾ ।ਥਾਣਾ ਮੁਖੀ ਅਮਨਦੀਪ ਸਿੰਘ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ , ਜਿਸ ਵਿਚ ਆਵਾਜਾਈ ਇੰਚਾਰਜ ਬਲਜਿੰਦਰ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ , ਨੇ ਕਿਸੇ ਵੀ ਦਬਾਅ ਤੋਂ ਮੁਕਤ ਹੋ ਕੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਚੇਤਾਵਨੀ ਦਿੱਤੀ ਕਿ ਇਹ ਮੁਹਿੰਮ ਰੋਜ਼ਾਨਾ ਹੀ ਜਾਰੀ ਰਹੇਗੀ ਅਤੇ ਜਿਸ ਦਾ ਵੀ ਸਾਮਾਨ ਆਵਾਜਾਈ ਵਿਚ ਅੜਿੱਕਾ ਪਾਵੇਗਾ , ਸਾਮਾਨ ਜ਼ਬਤ ਕਰਨ ਤੋਂ ਇਲਾਵਾ ਚਲਾਨ ਕਰਕੇ ਭਾਰੀ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਇਸ ਵਿਚ ਸਹਿਯੋਗ ਦੇਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ । ਆਵਾਜਾਈ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਸਮਾਜਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਰੇ ਬਾਜ਼ਾਰਾਂ ਵਿਚ ਪੀਲੀਆਂ ਲਾਈਨਾਂ ਲਗਵਾਈਆਂ ਜਾਣਗੀਆਂ ਅਤੇ ਜੋ ਇਨ੍ਹਾਂ ਲਾਈਨਾਂ ਦੀ ਹੱਦ ਪਾਰ ਕਰੇਗਾ , ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ।