Malout News

ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

ਮਲੋਟ:-ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਮੂਹ ਗੁਰਦੁਆਰਾ ਕਮੇਟੀਆਂ, ਸਮੂਹ ਸ੍ਰੀ ਗੁਰੂ ਤੇਗ਼ ਬਹਾਦਰ ਸੁਖਮਨੀ ਸੇਵਾ ਸੁਸਾਇਟੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਮੁਹੱਲਾ ਕਰਨੈਲ ਸਿੰਘ ਤੋਂ ਸਜਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ ਵੱਧ ਚੜ੍ਹ ਕੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਮੁਹੱਲਾ ਕਰਨੈਲ ਸਿੰਘ ਤੋਂ ਸ਼ੁਰੂ ਹੋ ਕੇ ਜੀ.ਟੀ ਰੋਡ, ਮੇਨ ਬਾਜ਼ਾਰ, ਗੁਰਦੁਆਰਾ ਰੋਡ ਆਦਿ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਵੱਡੀ ਗਿਣਤੀ ਵਿਚ ਸੰਗਤਾਂ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਸ ਨਗਰ ਕੀਰਤਨ ਨਾਲ ਚੱਲ ਰਹੀਆਂ ਸਨ। ਨਗਰ ਕੀਰਤਨ ਵਿਚ ਸੰਗਤਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਸਟਾਫ਼ ਵੀ ਸ਼ਾਮਿਲ ਹੋਇਆ ਅਤੇ ਕੀਰਤਨ ਦੌਰਾਨ ਬੈਂਡ ਅਤੇ ਗੱਤਕਾ ਪਾਰਟੀ ਵਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਨਗਰ ਦੌਰਾਨ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸ਼ਹਿਰ ਦੀਆਂ ਸੰਗਤਾਂ ਵਲੋਂ ਵੱਖ-ਵੱਖ ਥਾਵਾਂ ‘ਤੇ ਨਗਰ ਕੀਰਤਨ ਦਾ ਫ਼ੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਨਗਰ ਕੀਰਤਨ ਦੇ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਗੁਰਪੁਰਬ ਦੀਆਂ ਸ਼ਹਿਰ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ। ਸ਼ਹਿਰ ਦੀਆਂ ਸੰਗਤਾਂ ਵੱਖ-ਵੱਖ ਥਾਵਾਂ ‘ਤੇ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਦੇ ਲੰਗਰ ਲਾਏ ਗਏ। ਇਸ ਮੌਕੇ ਕਮੇਟੀ ਦੇ ਮੈਂਬਰ ਕਾਬਲ ਸਿੰਘ, ਚਰਨਜੀਤ ਸਿੰਘ ਖਾਲਸਾ, ਗੁਰਵਿੰਦਰ ਸਿੰਘ, ਹਰਦੀਪ ਸਿੰਘ, ਜਸਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਡਾ: ਸੁਖਦੇਵ ਸਿੰਘ ਗਿੱਲ ਅਤੇ ਸੰਗਤਾਂ ਦਾ ਵੱਡਾ ਇਕੱਠ ਸ਼ਾਮਿਲ ਹੋਇਆ।

Leave a Reply

Your email address will not be published. Required fields are marked *

Back to top button