ਲੁੱਟ ਦੀ ਨਿਅਤ ਨਾਲ ਮਨੀ ਐਕਸਚੇਂਜ਼ਰ ‘ਤੇ ਹਮਲਾ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਟੇਲਰ ਰੋਡ ਉਤੇ ਸਥਿਤ ਮਨੀ ਐਕਸਚੇਂਜ਼ਰ ਦੀ ਦੁਕਾਨ ‘ਚ 2 ਲੁਟੇਰੇ ਦਾਖਿਲ ਹੋਏ , ਜਿਨ੍ਹਾਂ ਨੇ ਦੁਕਾਨ ‘ਚ ਬੈਠੇ ਭੁਪਿੰਦਰ ਸਿੰਘ ਨੂੰ ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨੀ ਚਾਹੀ ਪਰ ਇਸ ਦੌਰਾਨ ਭੁਪਿੰਦਰ ਸਿੰਘ ਲੁਟੇਰਿਆਂ ਨਾਲ ਲੜ ਪਏ। ਭਿੜਦੇ-ਭਿੜਦੇ ਭੁਪਿੰਦਰ ਲੁਟੇਰਿਆਂ ਨੂੰ ਦੁਕਾਨ ਵਿਚੋਂ ਬਾਹਰ ਲੈ ਆਏ, ਜਿਸ ਦੌਰਾਨ ਗੋਲੀ ਵੀ ਚੱਲ ਗਈ। ਲੁੱਟ ਦੀ ਕੋਸ਼ੀਸ਼ ਅਸਫਲ ਰਹਿਣ ਕਾਰਨ ਲੁਟੇਰਿਆਂ ਨੇ ਭੁਪਿੰਦਰ ‘ਤੇ ਕਿਸੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਹਮਲੇ ਕਾਰਨ ਭੁਪਿੰਦਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਵਲੋਂ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ।ਉਧਰ ਦੂਜੇ ਪਾਸੇ ਇਹ ਸਾਰੀ ਵਾਰਦਾਤ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੌਕੇ ਤੋਂ ਪੁੱਜੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਦੀ ਫੁੱਟੇਜ ਖੰਗਾਲ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਕੋਈ ਸੁਰਾਗ ਲੱਗ ਸਕੇ। ਇਸ ਸੰਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਵੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਉਤੇ ਇਕ ਹਵਾਈ ਫਾਈਰ ਹੋਣ ਦੀ ਵੀ ਸੂਚਨਾ ਹੈ।