ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਹਿਲੀ ਬਰਸੀ ਨੂੰ ਸਮਰਪਿਤ ਫਿੱਟਨੈੱਸ ਡੇਅ ਮਨਾਇਆ ਗਿਆ

ਮਲੋਟ:- ਇਲਾਕੇ ਦੀ ਨਾਮਵਾਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਹਿਲੀ ਬਰਸੀ ਨੂੰ ਸਮਰਪਿਤ ਫਿਟਨੈੱਸ ਡੇਅ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਵਿੱਚ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਡੀ.ਐੱਸ.ਪੀ ਮਲੋਟ ਸ. ਜਸਪਾਲ ਸਿੰਘ, ਐੱਸ.ਐੱਚ.ਓ ਸਦਰ ਮਲੋਟ ਗੁਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ ਤੇ ਕਾਲਜ ਦੇ ਤਕਰੀਬਨ 750 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਵੱਲ ਲੈ ਕੇ ਜਾ ਰਹੇ ਹਾਂ ਉਸੇ ਲੜੀ ਤਹਿਤ ਅੱਜ ਅਸੀਂ ਆਪਣੇ ਵਿਦਿਆਰਥੀਆਂ ਨੂੰ ਤੰਦਰੁਸਤੀ ਨਾਲ ਜੋੜਨ ਲਈ ਇਹ ਉੱਦਮ ਕੀਤਾ ਹੈ। ਅੱਜ ਫਲਾਇੰਗ ਸਿੱਖ ਮਿਲਖਾ ਸਿੰਘ ਜੀ ਨੂੰ ਸਿਜਦਾ ਕਰਦਿਆਂ ਉਹਨਾਂ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਮਿਲਖਾ ਸਿੰਘ ਦੀ ਮੌਤ ਉਪਰੰਤ ਇਸ ਦਿਨ ਨੂੰ ਵਿਸ਼ਵ ਵਿੱਚ ਫਿਟਨੈੱਸ ਡੇਅ ਵਜੋਂ ਮਨਾਉਣ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ ਜਸਪਾਲ ਸਿੰਘ ਹੁਰਾਂ ਨੇ ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਵਿਦਿਆਰਥੀਆਂ ਵਿੱਚ ਉਤਸ਼ਾਹ ਭਰਿਆ ਜਾ ਸਕੇ। ਉਹਨਾਂ ਵਿਦਿਆਰਥੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਕਾਲਜ ਮੈਨੇਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤੰਦਰੁਸਤ ਸਿਹਤ ਵਿਅਕਤੀ ਦਾ ਸਭ ਤੋਂ ਵੱਡਾ ਸਰਮਾਇਆ ਹੈ, ਸੋ ਸਾਨੂੰ ਆਪਣੀ ਸਿਹਤ ਦੀ ਤੰਦਰੁਸਤੀ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਇਸ ਮੌਕੇ ਕਾਲਜ ਮੈਨੇਂਜਮੈਂਟ ਕਮੇਟੀ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਖ਼ਜ਼ਾਨਾਚੀ ਦਲਜਿੰਦਰ ਸਿੰਘ ਸੰਧੂ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਮੈਂਬਰ ਮੇਜਰ ਸਿੰਘ, ਹਰਦੀਪ ਸਿੰਘ ਸੰਧੂ ਨੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਦੀ ਮਿਲਖਾ ਸਿੰਘ ਦੀ ਪਹਿਲੀ ਬਰਸੀ ਨੂੰ ਫਿਟਨੈੱਸ ਡੇਅ ਵਜੋਂ ਮਨਾਉਣ ਦੀ ਸ਼ਲਾਘਾ ਕੀਤੀ। Author : Malout Live