ਪਲਸ ਪੋਲੀਓ ਮੁਹਿੰਮ ਤਹਿਤ ਲੰਬੀ ਬਲਾਕ ਵਿਖੇ ਟਰਾਂਜ਼ਿਸਟਰ ਬੂਥਾਂ ਅਤੇ ਘਰ-ਘਰ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ
ਮਲੋਟ (ਲੰਬੀ): ਸਿਹਤ ਵਿਭਾਗ ਵੱਲੋਂ 10, 11 ਅਤੇ 12 ਦਸੰਬਰ 2023 ਨੂੰ ਸਬ-ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਲੰਬੀ ਬਲਾਕ ਵਿਖੇ ਟਰਾਂਜ਼ਿਸਟਰ ਬੂਥਾਂ ਅਤੇ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਤਹਿਤ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਦੀਪ ਚਾਵਲਾ ਦੀ ਅਗਵਾਈ ਹੇਠ ਲੰਬੀ ਬਲਾਕ ਦੇ ਵੱਖ-ਵੱਖ ਪਿੰਡਾਂ ਵਿਖੇ ਬੱਸ ਅੱਡੇ ਤੇ ਟਰਾਂਜ਼ਿਸਟਰ ਬੂਥ ਲਗਾ ਕੇ ਅਤੇ ਘਰ-ਘਰ ਜਾ ਕੇ 0-5 ਸਾਲ ਦੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ
ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਬਲਾਕ ਦੇ ਪਿੰਡਾਂ ਵਿੱਚ ਵੱਖ-ਵੱਖ ਥਾਵਾਂ ਤੇ 0 ਤੋਂ 5 ਸਾਲ ਤੱਕ ਦੇ ਲਗਭਗ 14552 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਦੂਸਰੇ ਅਤੇ ਤੀਸਰੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣੀਆਂ ਹਨ। ਪ੍ਰਿਤਪਾਲ ਸਿੰਘ ਤੂਰ ਐੱਸ.ਆਈ ਨੇ ਲੰਬੀ ਬਲਾਕ ਦੇ ਸਮੂਹ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਬੂਥ ਤੇ ਲਿਜਾ ਕੇ ਪੋਲੀਓ ਬੂੰਦਾਂ ਪਿਲਾਉਣ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ। ਇਸ ਮੌਕੇ ਵਰਿੰਦਰ ਕੁਮਾਰ ਅਤੇ ਸੁਪਰਵਾਈਜ਼ਰ ਹਾਜ਼ਿਰ ਸਨ। Author: Malout Live