ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਵਾਰਡ ਨੰ: 26 ਤੋਂ ਹੋਇਆ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦਾ ਆਗਾਜ਼
ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਵਾਰਡ ਨੰਬਰ 26 ਤੋਂ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ ਹੋਈ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਸ. ਜਗਦੀਪ ਸਿੰਘ ਕਾਕਾ ਬਰਾੜ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਨੀਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਸ਼ਹਿਰ ਵਾਸੀਆਂ ਨੂੰ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਵਧਾਈ ਦਿੰਦਿਆਂ ਇਸ ਮੁਹਿੰਮ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵਾਰਡ ਦੀਆਂ ਵੱਖ-ਵੱਖ ਸਮੱਸਿਆਵਾਂ ਜਿਵੇ ਕਿ ਸੀਵਰੇਜ, ਬਰਸਾਤੀ ਅਤੇ ਗੰਦੇ ਸੀਵਰੇਜ ਪਾਣੀ ਨਿਕਾਸੀ, ਕੂੜੇ ਕਰਕਟ ਦਾ ਨਿਪਟਾਰਾ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਸ. ਬਰਾੜ ਨੇ ਸ਼ਹਿਰ ਦੇ ਵਿਕਾਸ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਨੀਤ ਕੁਮਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਆਪਣੇ ਨਾਲ ਆਪਣਾ ਥੈਲਾ ਲੈ ਕੇ ਚੱਲਣ ਲਈ ਕਿਹਾ। ਉਨ੍ਹਾਂ ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵਾਰਡ ਵਿੱਚ ਵੱਧ ਤੋ ਵੱਧ ਬੂਟੇ ਲਗਾਏ ਜਾਣ।
ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਜੀਵਨ ਜਿਊਣ ਦੇ ਢੰਗ ਨੂੰ ਸਾਦਾ ਕਰੋ, ਲੋਕ ਵਿਖਾਵੇ ਤੋਂ ਗੁਰੇਜ਼ ਕਰੋ ਅਤੇ ਪ੍ਰਸਾਸ਼ਨ ਦਾ ਇਸ ਸਫਾਈ ਮੁਹਿੰਮ ਵਿੱਚ ਰਲ ਕੇ ਸਾਥ ਦਿਓ ਤਾਂ ਜੋ ਆਪਣੇ ਸ਼ਹਿਰ ਨੂੰ ਇਸ ਮੁਹਿੰਮ ਤਹਿਤ ਸਾਫ਼ ਸੁਥਰਾ ਬਣਾ ਸਕੀਏ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਸ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਸ਼ਹਿਰ ਦੇ ਹਰ ਵਾਰਡ ਵਿੱਚ ਇਸ ਤਰ੍ਹਾਂ ਦੇ ਸਫਾਈ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਸੰਬੰਧਿਤ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਦੇ ਸਹਿਯੋਗ ਨਾਲ ਜ਼ਿਲਾ ਪ੍ਰਸਾਸ਼ਨ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਪੀਣ ਵਾਲੇ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 22 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਸ਼ਹਿਰ ਨਿਵਾਸੀਆ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਕੂੜਾ ਕਰਕਟ ਦੇ ਨਿਪਟਾਰੇ ਲਈ ਨਗਰ ਕੌਂਸਲ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਨਗਰ ਕੌਸਲ ਟੀਮ ਵੱਲੋਂ ਫੋਗਿੰਗ ਕੀਤੀ ਗਈ। ਪੈਚਵਰਕ ਲਗਾਏ, ਕੰਕਰੀਟ ਨੂੰ ਚੁੱਕਿਆ ਗਿਆ ਗਲੀਆ ਵਿੱਚ ਸਫਾਈ ਕਰਵਾਈ ਗਈ। ਹੈੱਲਥ ਡਿਪਾਰਟਮੈਟ ਟੀਮ ਵੱਲੋਂ ਡੇਂਗੂ ਤੋ ਬਚਾਉ ਲਈ ਜਾਗਰੂਕ ਕੀਤਾ ਤੇ ਸਪਰੇਅ ਦਾ ਛਿੜਕਾਉ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰਾਜਪਾਲ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਲਾਲ ਸ਼ੰਮੀ ਤੇਰੀਆ, ਸੱਤਪਾਲ ਪਠੇਲਾ, ਜਗਮੀਤ ਸਿੰਘ ਜੱਗਾ, ਸੰਦੀਪ ਸ਼ਰਮਾ, ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ, ਓਮ ਪ੍ਰਕਾਸ਼ ਵਧਵਾ, ਸਾਹਿਲ ਕੁੱਬਾ, ਅਵਤਾਰ ਸਿੰਘ ਮੱਕੜ, ਹਰਕ੍ਰਿਸ਼ਨ ਸਿੰਘ ਮੱਕੜ ਅਤੇ ਵਾਰਡ ਨਾਲ ਸੰਬੰਧਿਤ ਪਤਵੰਤੇ ਵਿਅਕਤੀ ਵੀ ਮੌਜੂਦ ਸਨ।
Author: Malout Live