ਮਾਵਾਂ ਦੀ ਮੌਤ ਦਰ ਨੂੰ ਘੱਟ ਕਰਨ ਅਤੇ ਮਾਵਾਂ ਦੀ ਵਧੀਆ ਸਿਹਤ ਸੰਭਾਲ ਸੰਬੰਧੀ ਸਿਹਤ ਵਿਭਾਗ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਮੈਡੀਕਲ ਅਫਸਰਾਂ ਅਤੇ ਸੀ.ਐੱਚ.ਓ. ਨੂੰ ਦਿੱਤੀ ਵਿਸ਼ੇਸ਼ ਟਰੇਨਿੰਗ

,

ਮਲੇੋਟ (ਸ਼੍ਰੀ ਮੁਕਤਸਰ ਸਾਹਿਬ) :  ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਮਾਵਾਂ ਦੀ ਮੌਤ ਦਰ ਨੂੰ ਘੱਟ ਕਰਨ ਅਤੇ ਮਾਵਾਂ ਦੀ ਵਧੀਆ ਸਿਹਤ ਸੰਭਾਲ ਸੰਬੰਧੀ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਮ ਆਦਮੀ ਕਲੀਨਿਕਾਂ ਵਿੱਚ ਤੈਨਾਤ ਮੈਡੀਕਲ ਅਫਸਰਾਂ ਅਤੇ ਹੈੱਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਤੈਨਾਤ ਕੰਮਿਊਨਟੀ ਹੈੱਲਥ ਅਫਸਰਾਂ ਨੂੰ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਦੌਰਾਨ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇ-ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਅਤੇ ਸੌਖਾ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਸਮੂਹ ਮੈਡੀਕਲ ਅਫ਼ਸਰਾਂ ਅਤੇ ਸੀ.ਐੱਚ.ਓ ਨੂੰ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਦੇ ਜਨੇਪੇ ਦੌਰਾਨ ਘੱਟੋ-ਘੱਟ ਚਾਰ ਚੈਕਅੱਪ ਕਰਨੇ ਯਕੀਨੀ ਬਣਾਏ ਜਾਣ ਤਾਂ ਜੋ ਖਤਰੇ ਦੇ ਚਿੰਨਾਂ ਵਾਲੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਖਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਨੂੰ ਔਰਤ ਰੋਗਾਂ ਦੇ ਮਾਹਿਰ ਡਾਕਟਰ ਕੋਲ ਚੈਕਅੱਪ ਕਰਵਾਉਣ ਲਈ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਾ. ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਸਾਰੇ ਸਿਵਲ ਹਸਪਤਾਲਾਂ ਅਤੇ ਕੰਮਿਊਨਟੀ ਹੈੱਲਥ ਸੈਂਟਰਾਂ ਵਿੱਚ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਗਰਭਵਤੀ ਔਰਤਾਂ, ਖਾਸ ਕਰਕੇ ਖਤਰੇ ਦੇ ਚਿਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦੇ ਮੁਫ਼ਤ ਚੈਕਅੱਪ ਅਤੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖਤਰੇ ਦੇ ਚਿਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਜਰੂਰ ਭੇਜਿਆ ਜਾਵੇ ਤਾਂ ਜੋ ਗਰਭਵਤੀ ਮਾਵਾਂ ਦੇ ਸਮੇਂ ਸਿਰ ਲੋੜੀਂਦੇ ਟੈੱਸਟ ਕਰਕੇ ਅਤੇ ਸਿਹਤ ਸੇਵਾਵਾਂ ਦੇ ਕੇ ਜਨੇਪੇ ਦੌਰਾਨ ਆਉਣ ਵਾਲੇ ਖਤਰੇ ਨੂੰ ਟਾਲਿਆ ਜਾ ਸਕੇ ਅਤੇ ਸੁਰੱਖਿਅਤ ਜਨੇਪਾ ਕਰਵਾਇਆ ਜਾ ਸਕੇ।

ਇਸ ਮੌਕੇ ਡਾ. ਸਿਮਰਦੀਪ ਕੌਰ ਔਰਤ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਕਿਵੇਂ ਪਛਾਣ ਕੀਤੀ ਜਾ ਸਕਦੀ ਹੈ ਉਸ ਸੰਬੰਧੀ ਸਟਾਫ ਨੂੰ ਜਾਣਕਾਰੀ ਦਿੱਤੀ ਅਤੇ ਜਨੇਪੇ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਦੀਪਕ ਕੁਮਾਰ ਡੀ.ਪੀ.ਐੱਮ ਨੇ ਕਿਹਾ ਕਿ ਉਹ ਹਰ ਗਰਭਵਤੀ ਔਰਤ ਨੂੰ ਆਪਣੇ ਜਨੇਪਾ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਮਾਵਾਂ ਅਤੇ ਬੱਚਿਆਂ ਨੂੰ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ  ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਅਪ੍ਰੇਸ਼ਨ ਵਾਲੇ ਅਤੇ ਨਾਰਮਲ ਜਨੇਪੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਔਰਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਔਰਤ ਨੂੰ ਜਨੇਪੇ ਲਈ ਘਰੋਂ ਲੈਕੇ ਆਉਣ ਅਤੇ ਜਨੇਪਾ ਹੋਣ ਉਪਰੰਤ ਘਰ ਛੱਡ ਕੇ ਆਉਣ ਦੀ ਮੁਫਤ ਸੁਵਿਧਾ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਡਾ. ਕੁਲਤਾਰ ਸਿੰਘ ਜਿਲ਼੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਸਿਮਰਦੀਪ ਕੌਰ ਔਰਤ ਰੋਗਾਂ ਦੇ ਮਾਹਿਰ, ਦੀਪਕ ਕੁਮਾਰ ਡੀ.ਪੀ.ਐੱਮ., ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸੁਰਿੰਦਰਪਾਲ ਸਿੰਘ ਡੀ.ਐੱਮ.ਈ.ਓ, ਸੁਨੀਲ ਕੁਮਾਰ ਡੀ.ਐੱਸ.ਏ., ਮਨਪ੍ਰੀਤ ਸਿੰਘ, ਲਾਲ ਚੰਦ ਜਿਲ੍ਹਾ ਹੈੱਲਥ ਇੰਸਪੈਕਟਰ ਸਾਰੇ ਆਮ ਆਦਮੀ ਕਲ਼ੀਨਿਕਾਂ ਵਿੱਚ ਕੰਮ ਕਰਦੇ ਮੈਡੀਕਲ ਅਫ਼ਸਰ ਅਤੇ ਸੀ.ਐੱਚ.ਓ. ਹਾਜ਼ਿਰ ਸਨ। Author : Malout Live