ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪਾਬੰਦੀਆਂ ਅਤੇ ‘ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਸ੍ਰੀ ਮੁਕਤਸਰ ਸਾਹਿਬ/ ਮਲੋਟ:- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਲਾਗੂ ਕੀਤੀਆਂ ਪਾਬੰਦੀਆਂ ਅਤੇ ਹਦਾਇਤਾਂ ਦੀ ਇੰਨਬਿੰੰਨ ਪਾਲਣਾ ਕਰਨ ਤਾਂ ਜ਼ੋ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ ‘ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਉਨਾ ਦੱਸਿਆ ਕਿ ਇਕੱਠ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਅਤੇ ਤੈਅ ਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ ‘ਤੇ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ਉਤੇ 500 ਰੁਪਏ ਜੁਰਮਾਨਾ, ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ 500 ਰੁਪਏ ਜੁਰਮਾਨਾ ਲਾਉਣ ਦਾ ਐਲਾਨ ਪਹਿਲਾ ਹੀ ਕੀਤਾ ਗਿਆ ਹੈ, ਜਦਕਿ ਬੱਸਾਂ ਅਤੇ ਕਾਰਾਂ ਵਿੱਚ ਅਜਿਹੀ ਉਲੰਘਣਾ ਕਰਨ ‘ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਆਟੋ-ਰਿਕਸ਼ਾ/ਦੋ-ਪਹੀਆ ਵਾਹਨਾਂ ਦੇ ਸਬੰਧ ਵਿੱਚ 500 ਰੁਪਏ ਜੁਰਮਾਨਾ ਦੇਣਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਜ਼ਿਲੇ ਵਿੱਚ ਧਾਰਮਿਕ ਥਾਵਾਂ ‘ਤੇ ਮਾਸਕ ਪਹਿਨਣ ਸਮੇਤ ਕੋਵਿਡ ਸਬੰਧੀ ਹੋਰ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾਂ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਸਾਫ ਕਰਨ, ਸੈਨੀਟਾਈਜਰ ਦੀ ਵਰਤੋ ਕਰਨ ਅਤੇ ਮੂੰਹ ਤੇ ਮਾਸਕ ਜਰੂਰ ਲਗਾ ਕੇ ਰੱਖਣ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ।