ਮਹਾਂਵੀਰ ਗਊਸ਼ਾਲਾ ਵੱਲੋਂ 21ਵੀਂ ਇਕੋਤਰੀ ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ
,
ਮਲੋਟ,(ਆਰਤੀ ਕਮਲ):- ਮਹਾਵੀਰ ਗਊਸ਼ਾਲਾ ਮਲੋਟ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਰੂਪ ਵਿਚ ਗਊਸ਼ਾਲਾ ਵਿਖੇ ਚਲ ਰਹੀ 21ਵੀਂ ਇਕੋਤਰੀ ਦੀ 19 ਜਨਵਰੀ ਨੂੰ ਹੋ ਰਹੀ ਸਮਾਪਤੀ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਮਹਾਂਵੀਰ ਗਊਸ਼ਾਲਾ ਦੇ ਸੰਸਥਾਪਕ ਸਵਰਗਵਾਸੀ ਪੰਡਤ ਗਿਰਧਾਰੀ ਲਾਲ ਜੀ ਦੇ ਅਸ਼ੀਰਵਾਦ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਕੱਢਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੱਢੇ ਗਏ ਇਸ ਨਗਰ ਕੀਰਤਨ ਦੌਰਾਨ ਵੱਖ ਵੱਖ ਸਕੂਲਾਂ ਦੇ ਵੱਡੀ ਗਿਣਤੀ ਬੱਚਿਆਂ ਨੇ ਭਾਗ ਲਿਆ ।
ਅਨੁਸ਼ਾਸਨ ਵਿੱਚ ਚਲ ਰਹੇ ਬੱਚਿਆਂ ਦੇ ਸਮੂਹ ਦੀ ਛਟਾ ਦੇਖਦੇ ਹੀ ਬਣਦੀ ਸੀ। ਵਿਸ਼ੇਸ਼ ਤੌਰ ਤੇ ਆਇਆ ਫੌਜੀ ਬੈਂਡ ਜਿਥੇ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਉਥੇ ਹੀ. ਸਕੂਲ ਦੇ ਬੱਚਿਆਂ ਵੱਲੋਂ ਵੀ ਸ਼ਾਨਦਾਰ ਬੈਂਡ ਪੇਸ਼ ਕੀਤਾ ਗਿਆ। ਇਹ ਨਗਰ ਕੀਰਤਨ ਮੇਨ ਬਾਜ਼ਾਰ, ਇੰਦਰਾ ਰੋਡ, ਕੱਚੀ ਮੰਡੀ, ਅਨਾਜ ਮੰਡੀ ਸਮੇਤ ਆਦਿ ਥਾਂਵਾਂ ਤੋਂ ਲੰਘਿਆ ਜਿੱਥੇ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ ਅਤੇ ਥਾਂ ਥਾਂ ਲੰਗਰ ਦਾ ਵੀ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿਸਿਆਂ ਤੋਂ ਹੁੰਦਾ ਹੋਇਆ ਵਾਪਸ ਗਊਸ਼ਾਲਾ ਵਿਖੇ ਸਮਾਪਤ ਹੋ ਗਿਆ। ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕ ਸੰਦੀਪ ਕੁਮਾਰ ਜਿਉਰੀ ਨੇ ਦੱਸਿਆ ਕਿ ਸਵ. ਪੰਡਿਤ ਗਿਰਧਾਰੀ ਲਾਲ ਜੀ ਵੱਲੋਂ ਹਰ ਸਾਲ ਸ੍ਰਈ ਅਖੰਡ ਪਾਠ ਸਾਹਿਬ ਦੀ ਲੜੀ ਕਰਵਾ ਕੇ ਸੰਗਤ ਨੂੰ ਬਾਣੀ ਦੇ ਲੜ ਲਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਜਿਸ ਲੜੀ ਤਹਿਤ 21ਵੀਂ ਇਕੋਤਰੀ ਦੇ ਸਮਾਪਤੀ ਸਮਾਰੋਹ 19 ਜਨਵਰੀ, ਦਿਨ ਐਤਵਾਰ ਮਹਾਂਵੀਰ ਗਊਸ਼ਾਲਾ ਵਿਖੇ ਹੋਣ ਜਾ ਰਹੇ ਜਿਥੇ ਇਲਾਕੇ ਦੀ ਸੁੱਖ ਸ਼ਾਂਤੀ, ਫਸਲ ਵਾੜੀ ਵਪਾਰ ਦੀ ਕਾਮਯਾਬੀ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਰਹਿਤ ਕਰਨ ਲਈ ਸੰਗਤ ਵੱਲੋਂ ਸ਼ਬਦ ਗੁਰੂ ਅੱਗੇ ਅਰਦਾਸ ਜੋਦੜੀ ਕੀਤੀ ਜਾਵੇਗੀ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ । ਇਸ ਨਗਰ ਕੀਰਤਨ ਮੌਕੇ ਸਾਬਕਾ ਜਿਲ•ਾ ਪ੍ਰਧਾਨ ਜਗਤਾਰ ਸਿੰਘ ਬਰਾੜ ਆਦਿ ਸਮੇਤ ਵੱਡੀ ਗਿਣਤੀ ਰਾਜਨੀਤਕ, ਧਾਰਮਿਕ ਤੇ ਸਮਾਜਿਕ ਆਗੂ ਨਤਮਸਤਕ ਹੋਏ ।