ਲੰਬੀ ਸਿਹਤ ਸਟਾਫ ਵੱਲੋਂ ਘਰ-ਘਰ ਜਾ ਕੇ ਕੀਤਾ ਜਾ ਰਿਹਾ ਟੀਕਾਕਰਨ

ਮਲੋਟ(ਲੰਬੀ):- ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਸ.ਐੱਮ.ਓ ਲੰਬੀ ਡਾ. ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਵਿਖੇ ਕੋਰੋਨਾ ਵੈਕਸੀਨੇਸ਼ਨ ਦੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਡਾ. ਰਮੇਸ਼ ਕੁਮਾਰੀ ਨੇ ਦੱਸਿਆ ਕਿ ਇਹ ਕੈਂਪ ਨਾ ਸਿਰਫ ਸਰਕਾਰੀ ਸਿਹਤ ਕੇਂਦਰਾਂ ਬਲਕਿ ਲੋਕਾਂ ਦੀ ਸਹੂਲਤ ਅਨੁਸਾਰ ਗੁਰਦੁਆਰਿਆਂ, ਧਰਮਸ਼ਾਲਾ, ਆਂਗਣਵਾੜੀ ਸੈਂਟਰ, ਰਾਸ਼ਨ ਡਿੱਪੂਆਂ, ਸਰਕਾਰੀ ਸਕੂਲਾਂ ਆਦਿ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ। ਉਨਾਂ ਕਿਹਾ ਇਸ ਤੋਂ ਇਲਾਵਾ ਜਿਹੜੇ ਲੋਕ ਕਿਸੇ ਵੀ ਕਾਰਨ ਕਰਕੇ ਕੈਂਪ ਵਿੱਚ ਆ ਕੇ ਵੈਕਸੀਨੇਸ਼ਨ ਨਹੀਂ ਕਰਵਾ ਸਕਦੇ,

ਉਨਾਂ ਲਈ ਸਿਹਤ ਸਟਾਫ ਵਲੋਂ ਘਰ-ਘਰ ਜਾ ਕੇ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਲੰਬੀ ਬਲਾਕ ਦੇ ਵੈਕਸੀਨੇਸ਼ਨ ਨੋਡਲ ਅਫਸਰ ਡਾ.ਸ਼ਕਤੀਪਾਲ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼, ਆਮ ਲੋਕਾਂ ਨੂੰ ਪਹਿਲੀ ਅਤੇ ਦੂਜੀ ਡੋਜ਼ ਅਤੇ ਫਰੰਟ ਲਾਈਨ ਵਰਕਰਾਂ ਅਤੇ 60 ਸਾਲ ਤੋਂ ਉਪਰ ਵਾਲਿਆਂ ਨੂੰ ਬੂਸਟਰ ਡੋਜ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਹਨਾਂ ਕੈਂਪਾਂ ਵਿੱਚ ਮੈਡੀਕਲ ਅਫਸਰ, ਆਰ.ਐੱਮ.ਓ, ਸੀ.ਐੱਚ.ਓ, ਏ.ਐੱਨ.ਐੱਮ, ਹੈੱਲਥ ਵਰਕਰ ਆਸ਼ਾ ਸੁਪਰਵਾਈਜਰ ਅਤੇ ਆਸ਼ਾ ਵਰਕਰਾਂ ਤੇ ਹੋਰ ਵਲੰਟੀਅਰ ਵੀ ਸਹਿਯੋਗ ਕਰ ਰਹੇ ਹਨ। ਇਸ ਮੌਕੇ ਚੀਫ ਫਾਰਮੇਸੀ ਅਫਸਰ ਅਜੇਸ਼ ਕੁਮਾਰ, ਐੱਸ.ਆਈ ਪ੍ਰਿਤਪਾਲ ਸਿੰਘ ਤੂਰ, ਬੀ.ਈ.ਈ ਸ਼ਿਵਾਨੀ ਅਤੇ ਏ.ਐੱਨ.ਐੱਮ ਮਨਜਿੰਦਰ ਕੌਰ ਹਾਜ਼ਰ ਸਨ।