ਖੁੰਡ ਚਰਚਾ - ਭਾਰਤ ਮਾਂ ਦਾ ਅੰਨਦਾਤਾ

ਕਈ ਵਰੇ ਪਹਿਲਾਂ, ਸਾਡੇ ਦੇਸ ਦੇ ਕਿਸਾਨ ਨੇ, ਥੋੜੇ ਸਮੇਂ ਵਿੱਚ ਹੀ ਦੇਸ ਨੂਂ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾ ਦਿੱਤਾ ਸੀ। ਜਿਸਨੂੰ ਹਰੀ ਕਰਾਂਤੀ ਦਾ ਨਾਮ ਦਿੱਤਾ ਗਿਆ। ਪਰ ਅੱਜ ਇਹ ਹਰੀ ਕਰਾਂਤੀ ਪੀਲੀ ਪੈਂਦੀ ਜਾ ਰਹੀ ਹੈ। ਭਾਵੇਂ ਉਹ ਫਸਲ਼ ਹੋਵੇ ਜਾਂ ਉਸਨੂੰ ਪੈਦਾ ਕਰਨ ਵਾਲਾ ਕਿਸਾਨ, ਦੋਨਾਂ ਦੇ ਚਿਹਰੇ ਪੀਲੇ ਪੈ ਗਏ ਹਨ ਕਿਉਂਕਿ ਪੈਦਾਵਾਰ ਵਧਾਉਣ ਵਾਲੇ ਉਪਕਰਨ, ਦਵਾਈਆਂ ਦੀਆਂ ਕੀਮਤਾਂ ਅਮਰ ਵੇਲ ਵਾਂਗ ਵੱਧ ਰਹੀਆਂ ਹਨ। ਜਿਸ ਕਰਕੇ ਭਾਰਤ ਮਾਂ ਦਾ ਅੰਨਦਾਤਾ ਕਰਜੇ ਦੀ ਬੁੱਕਲ ਵਿੱਚ ਜਾ ਬੈਠਿਆ ਹੈ। ਕਰਜੇ ਦੀ ਬੁੱਕਲ ਵਿੱਚ ਬੈਠਾ ਅੰਨਦਾਤਾ, ਝਾੜ ਵਧਾਉਣ ਵਾਲੀ ਦਵਾਈ, ਫਸਲ਼ ਉੱਤੇ ਘੱਟ ਵਰਤਦਾ ਹੈ, ਖੁਦ ਆਪਣੇ ਉੱਤੇ ਜਿਆਦਾ। ਜੇ ਦਵਾਈ ਪੀ ਕੇ ਬਚ ਵੀ ਜਾਵੇ ਦੁਬਾਰਾ ਰੱਸਾ ਗਲ ਪਾ ਲੈਂਦਾ ਹੈ। ਦਮਾਮੇ ਮਾਰ ਕੇ ਵਿਸਾਖੀ ਦੇ ਮੇਲੇ ਤੇ ਜਾਣ ਵਾਲਾ ਕਿਸਾਨ ਧਰਨਿਆਂ ਤੇ ਹੜਤਾਲਾਂ ਵਿੱਚ ਉਲਝ ਗਿਆ ਹੈ। ਪਿੰਡਾਂ ਦੀਆਂ ਸੱਥਾਂ ਦੀ ਰੌਣਕ ਉੱਡ ਪੁੱਡ ਗਈ ਹੈ। ਧੀਆਂ , ਪੁੱਤਰ ਡਿਗਰੀਆਂ ਲੈ ਕੇ ਵਾਪਸ ਮੁੜ ਆਏ। ਨੌਕਰੀ ਉਹਨਾਂ ਨੂੰ ਮਿਲਦੀ ਨਹੀਂ।
ਕੁਝ ਕੁ ਪੁੱਤਰਾਂ ਦੀ ਸੋਚ ਮੁਤਾਬਕ ਖੇਤੀ ਘਾਟੇ ਦਾ ਸੌਦਾ ਬਣ ਗਈ। ਉਹ ਚਾਹੁੰਦੇ ਹਨ ਕਿ ਜਮੀਨ ਵੇਚ ਕੇ ਵਿਦੇਸ ਜਾਈਏ। ਇੱਧਰ ਸਾਡੇ ਮੰਤਰੀ, ਕਿਸਾਨਾਂ ਦੀਆਂ ਖੁਦਖੁਸੀਆਂ ਬਾਰੇ ਸਿਰਫ ਚਿੰਤਾ ਹੀ ਪਰਗਟ ਕਰਦੇ ਹਨ। ਅਖਬਾਰਾਂ ਦੇ ਪੰਨੇ ਇਹਨਾਂ ਦੇ ਚਿੰਤਾ ਕਰਨ ਦੀਆਂ ਖਬਰਾਂ ਨਾਲ ਭਰੇ ਪਏ ਹੁੰਦੇ ਹਨ। ਧਰਤੀ ਹੇਠਲਾ ਪਾਣੀ ਸਾਡੀ ਪਹੁੰਚ ਤੋਂ ਦੂਰ ਜਾ ਰਿਹਾ ਹੈ। ਦੇਸ ਨੂੰ ਸੋਨੇ ਦੀ ਚਿੜੀ ਬਣਾਉਣ ਵਾਲੇ ਕਿਸਾਨ ਦੇ ਆਪਣੇ ਆਲ਼ਣੇ ਉੱਜੜ ਰਹੇ ਹਨ। ਧਰਤੀ ਉੱਤੇ ਸੋਨਾ ਪੈਦਾ ਕਰਨ ਵਾਲਾ ਅੰਨਦਾਤਾ ਅੱਜ ਖੁਦ ਕੌਡੀਆਂ ਦੇ ਭਾਅ ਵਿਕ ਰਿਹਾ ਹੈ।
ਅੱਜ ਲੋੜ ਹੈ ਕਿ ਸਰਕਾਰਾਂ ਕਰਜਿਆਂ ਦੇ ਭਾਰ ਨਾਲ ਕੁੱਬੇ ਹੋਏ ਅੰਨਦਾਤੇ ਨੂੰ ਸਹਾਰਾ ਦੇਵੇ ਅਤੇ ਖੇਤੀ ਦੇ ਵਿਗੜ ਰਹੇ ਢਾਂਚੇ ਨੂੰ ਸੁਧਾਰਨ ਦੀ ਕੋਸਿਸ ਕਰੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਦੇਖੋ ਦੇਖੀ ਕੀਤੇ ਜਾਣ ਵਾਲੇ ਬੇਲੋੜੇ ਖਰਚਿਆਂ ਨੂੰ ਘੱਟ ਕਰਕੇ , ਚਾਦਰ ਮੁਤਾਬਿਕ ਹੀ ਪੈਰ ਪਸਾਰੇ। ਤਾਂ ਜੋ ਉਸ ਦੇ ਹਰ ਘਾਟੇ ਲਈ ਸਰਕਾਰਾਂ ਨੂੰ ਜਿੰਮੇਵਾਰ ਨਾਂ ਠਹਿਰਾਇਆ ਜਾ ਸਕੇ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524