ਧੀ
ਮੈਂ ਕਿਹੜੀ ਸੋਚ ਵਿੱਚ ਹਾਂ, ਮੈਨੂੰ ਕੀ ਹੋ ਗਿਆ ਏ? ਮੈਂ ਚਾਵਾਂ ਨਾਲ ਆਪਣੇ ਹੱਥੀਂ ਆਪਣੀ ਧੀ ਲਈ ਖਰੀਦੀਆ ਲਾਲ ਜੋੜਾ ਲੀਰੋ-ਲੀਰ ਕਿਉਂ ਕਰ ਦਿੱਤਾ ਏ? ਕਿਉਂ ਮੈਂ ਅੱਜ ਪਾਗਲਾਂ ਵਾਂਗ ਆਪ ਹੀ ਆਪਣੀ ਧੀ ਦੇ ਦਾਜ ਨੂੰ ਤੋੜ ਰਹੀ ਹਾਂ? ਮੇਰੀ ਅਗਾਂਹ ਵਧੂ ਸੋਚ ਮੈਨੂੰ ਅੱਜ ਕਿੱਥੇ ਲਿਆ ਖੜਾ ਕੀਤੈ? ਕੁੱਝ ਦੇਰ ਪਹਿਲਾਂ ਠਹਾਕੇ ਲਾ ਰਹੀ ਉਹ ਕੌਣ ਸੀ, ਸ਼ਾਇਦ ਮੈਂ ਹੀ ਸਾਂ…
ਮੈਂ ਆਪਣੀ ਧੀ ਦੇ ਹੋਏ ਰਿਸ਼ਤੇ ਤੋਂ ਬਹੁਤ ਖ਼ੁਸ਼ ਸੀ। ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਸੀ, ਬਸ ਉਨ੍ਹਾਂ ਵਿਆਹ ਆਪਣੇ ਸ਼ਹਿਰ ਆਕੇ ਕਰਨ ਲਈ ਕਿਹਾ ਸੀ। ਪੰਡਤ ਤੋਂ ਵਿਆਹ ਦੀ ਤਾਰੀਖ਼ ਵੀ ਕਢਾ ਲਈ ਸੀ। ਕਾਰਡ ਦੇ ਡਿਜ਼ਾਇਨ ਪਸੰਦ ਕਰਾਉਣ ਲਈ ਆਪਣੇ ਪਾਪਾ ਦੇ ਘਰ ਪਰਤਨ ਤੇ ਪ੍ਰੀਤਿ ਨੇ ਚਾਹ ਲਿਆ ਕੇ ਅੱਗੇ ਰੱਖੀ ਹੀ ਸੀ ਕਿ ਵਿਚੋਲਾ-ਵਿਚੋਲਣ ਦੋਂਵੇ ਆ ਗਏ। “ਭਾਈ ਸਾਹਿਬ” ਕਾਰਡ ਵੇਖਦਿਆਂ ਵਿਚੋਲੇ ਨੇ ਕਿਹਾ-“ ਕਾਰ ਦਾ ਰੰਗ ਤਾਂ ਮੁੰਡੇ-ਕੁੜੀ ਨੂੰ ਪੁੱਛ ਲੈਣਾ ਸੀ।” ਮੈਨੂੰ ਤਾਂ ਜਿਵੇਂ ਮਿਰਗੀ ਦਾ ਦੌਰਾ ਪੈ ਗਿਆ।
ਕਿਵੇਂ ਅਸੀਂ ਦੋਹਾਂ ਜੀਆਂ ਨੇ ਦਿਨ ਕੱਟ ਕੇ ਪ੍ਰੀਤਿ ਤੇ ਇਸਦੇ ਭਰਾ ਨੂੰ ਪੜਾਇਆ ਸੀ। ਪ੍ਰੀਤਿ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਲੱਗ ਗਈ ਸੀ। ਦਹੇਜ ਦੇ ਨਾਂ ਤੇ ਸਾਡੇ ਕੋਲ ਬਸ ਇਕ ਲਾਇਕ ਧੀ ਹੀ ਸੀ। ਪ੍ਰੀਤਿ ਦੇ ਪਾਪਾ ਨੇ ਕੁੱਝ ਕਹਿਣ ਲਈ ਮੂੰਹ ਖੋਲਿਆ ਹੀ ਸੀ-“ਵੀਰ ਜੀ” ਵਿਚੋਲਣ ਨੇ ਗੱਲ ਕੱਟਦੀਆਂ ਕਿਹਾ-“ਲੈਕਚਰਾਰ ਧੀ ਦੇ ਦਾਜ ਵਿੱਚ ਇੰਡੀਕਾ ਕਾਰ ਤਾਂ ਚਾਹੀਦੀ ਹੀ ਹੈ, ਨਾਲੇ ਮੁੰਡਾ ਵੀ ਤਾਂ ਕਚਹਿਰੀ ਵਿੱਚ ਵਕੀਲ ਹੈ, ਲੋਕ ਕੀ ਕਹਿਣਗੇ? ਦੋ ਵਰ੍ਹੇ ਤਾਂ ਕੁੜੀ ਨੂੰ ਸਰਵਿਸ ਕਰਦੇ ਹੋ ਗਏ ਹਨ।” ਚੰਗਾ ਅਸੀਂ ਚੱਲਦੇ ਹਾਂ ਕਹਿਕੇ ਦੋਵੇਂ ਤੁਰ ਪਏ।
ਮੇਰੇ ਕੰਨਾਂ ਵਿੱਚ ਅਜੇ ਵੀ ਵਚੋਲਣ ਦੇ ਬੋਲ ਗੂੰਜ ਰਹੇ ਸਨ। ਮੈਨੂੰ ਮੇਰੀ ਸੱਸ ਦੇ ਅੱਠ ਵਰ੍ਹੇ ਪਹਿਲਾਂ ਕਹੇ ਅੰਤਿਮ ਸ਼ਬਦ ਕੰਡਿਆਂ ਵਾਂਗੂ ਚੁੱਭਣ ਲੱਗ ਪਏ- “ਪ੍ਰੀਤਿ ਦੀ ਮਾਂ, ਆਪਣੀ ਜਠਾਣੀ ਵੱਲ ਝਾਤੀ ਮਾਰ ਉਹਦੀ ਖੁਸ਼ੀ ਤੇਰੀ ਪ੍ਰੀਤਿ ਦੀ ਹਾਨਣ ਏ, ਉਹਨੇ ਕੁੜੀ ਪੜਨੋ ਵੀ ਉਠਾ ਲਈ ਏ, ਤੂੰ ਕਰਜੇ ਲੈ ਲੈ ਕੇ ਕੁੜੀ ਨੂੰ ਨਾ ਪੜ੍ਹਾ, ਇਹਦੇ ਦਾਜ ਲਈ ਜੋੜ, ਜਿਨ੍ਹਾਂ ਪੜ੍ਹਾਏਂਗੀ ਉਨ੍ਹਾਂ ਹੀ ਦਾਜ ਵੱਧ ਦੇਣਾ ਪਉ। ਟੀ. ਵੀ. ਦੇ ਨਾਟਕਾਂ ਦੀਆਂ ਰੀਸਾਂ ਕਰਨੀਆਂ ਛੱਡ ਦੇ। ਧੀਆਂ ਪੜ੍ਹਾਉਣ ਦੇ ਨਾਰੇ ਸਕੂਲਾਂ ਦੀਆਂ ਕੰਧਾਂ ਤੇ ਹੀ ਸੋਹਣੇ ਜਾਪਦੇ ਹਨ। ਧੀਆਂ ਤੇ ਕਰਜਾ ਹੁੰਦੀਆਂ ਨੇ ਜਿੰਨੀ ਛੇਤੀ ਹੋ ਸਕੇ ਲਾਹ ਦਿਓ। ਪੈਸਿਆਂ ਦਾ ਕਰਜਾ ਤਾਂ ਲੱਥ ਜਾਂਦਾ ਏ ਪਰ ਧੀਆਂ……………। ਦੇਸ਼ ਆਜ਼ਾਦ ਹੋਏ ਨੂੰ ਤਾਂ ਲੰਮੇਰਾ ਸਮਾ ਹੋ ਗਿਐ ਪਰ ਸਾਡੀਆਂ ਸੋਚਾਂ ਹਾਲੈ ਔਹੀ ਹਨ ਸਦੀਆਂ ਪੁਰਾਣੀਆਂ। ਮੇਰੀ ਗੱਲ ਮਨ ਚੰਗਾ ਜਿਹਾ ਮੁੰਡਾ ਵੇਖ ਤੇ ਕੁੜੀ ਦੇ ਹੱਥ ਪੀਲੇ ਕਰ ਫਾਰਗ ਹੋ ਜਾ।” ਮੈਂ ਉਸ ਦੀ ਗੱਲ ਅਨਪੜ ਸੋਚ ਕਹਿ ਕੇ ਅਣਗੋਲਿਆਂ ਕਰ ਦਿੱਤੀ। ਮੇਰੀ ਜਠਾਣੀ ਨੇ ਕੁੜੀ ਨੂੰ ਬਾਰਾਂ ਜਮਾਤਾਂ ਕਰਾ ਕੇ ਉਠਾ ਲਿਆ ਅਤੇ ਚੌਖੇ ਦਾਜ ਨਾਲ ਵਿਆਹ ਦਿੱਤਾ, ਤੇ ਅੱਜ ਉਹ ਸੁਹਣੇ ਸੁਹਣੇ ਦੋ ਜੁਆਕਾਂ ਦੀ ਮਾਂ ਬਣ ਚੁੱਕੀ ਸੀ। ਮੈਂ ਆਪਣੀ ਧੀ ਲਈ ਕਿੰਨੇ ਸੁਫ਼ਨੇ ਵੇਖੇ ਸਨ, ਜਿਸ ਦਿਨ ਉਹ ਸਰਕਾਰੀ ਸਕੂਲ ਵਿੱਚ ਲੈਕਚਰਾਰ ਚੁਣੀ ਗਈ ਸੀ ਮੇਰੇ ਪੱਬ ਭੋਂਏ ਤੇ ਨਹੀਂ ਸਨ ਲੱਗ ਰਹੇ, ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ ਸਨ, ਸਾਡੇ ਦੋਹਾਂ ਦੀ ਮਿਹਨਤ ਰੰਗ ਲੈ ਆਈ ਸੀ, ਪਰ ਅੱਜ ਉਸਦਾ ਭਵਿੱਖ ਅੱਗੇ ਖੜਾ ਮੈਨੂੰ ਝੇਡਾਂ ਕਰ ਰਿਹਾ ਹੈ। ਹੁਣ ਅਸੀਂ ਵੇਚ ਵੀ ਸਕਦੇ ਹਾਂ ਤਾਂ ਕੀ? ਸਾਡੇ ਕੋਲ ਹੈ ਵੀ ਤਾਂ ਕੀ? ਕਿਰਾਏ ਦਾ ਮਕਾਨ, ਇਨ੍ਹਾਂ ਦੀ ਟੁੱਟੀ ਸਾਇਕਲ, ਇੱਕ ਹੋਣਹਾਰ ਪੁੱਤਰ, ਪੁੱਤਰ ਨੂੰ ਇੰਜੀਨੀਅਰ ਬਣਾਉਣ ਲਈ ਉਸਦੀ ਪੜ੍ਹਾਈ ਲਈ ਲਿੱਤਾ ਕਰਜਾ ਅਤੇ ਇੱਕ ਅਣਵਿਆਹੀ ਧੀ……………………।
ਸੰਜੀਵ ਸ਼ਰਮਾ,
ਫਿਰੋਜ਼ਪੁਰ (ਪੰਜਾਬ)।