ਪਾਲੀਥੀਨ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਦਾ ਕੀਤਾ ਚਲਾਨ
ਸ੍ਰੀ ਮੁਕਤਸਰ ਸਾਹਿਬ :- ਮੁਕਤਸਰ ਮੇਰਾ ਮਾਣ ਅਤੇ ਪੰਜਾਬ ਸਰਕਾਰ ਦੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਕੌਂਸਲ ਵੱਲੋਂ ਪਾਲੀਥੀਨ ਵਰਤਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜ ਸਾਧਕ ਅਫਸਰ, ਨਗਰ ਕੋਂਸਲ, ਸ੍ਰੀ ਮੁਕਤਸਰ ਸਾਹਿਬ ਜੀ ਦੀ ਯੋਗ ਅਗਵਾਈ ਤਹਿਤ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਜਲਾਲਾਬਾਦ ਅਤੇ ਟਿੱਬੀ ਸਾਹਿਬ ਰੋਡ ਤੇ ਔਚਕ ਨਿਰੀਖਣ ਕੀਤਾ ਅਤੇ ਇੱਥੋਂ ਦੇ ਚਾਰ ਦੁਕਾਨਦਾਰਾਂ ਤੋਂ 60 ਕਿਲੋ ਪਾਬੰਦੀਸ਼ੁਦਾ ਪਾਲੀਥੀਨ ਅਤੇ ਡਿਸਪੋਜ਼ਲ ਬਰਾਮਦ ਹੋਣ ਤੇ ਦੁਕਾਨਦਾਰਾਂ ਦਾ ਮੌਕੇ ਤੇ ਹੀ ਚਲਾਨ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਧਰਮਪਾਲ, ਜੂਨੀਅਰ ਸਹਾਇਕ, ਮਨੀਸ਼ ਕੁਮਾਰ, ਸੀ.ਐਫ. ਸਤਿੰਦਰਪਾਲ ਸਿੰਘ, ਮੋਟੀਵੇਟਰ ਮਨਪ੍ਰੀਤ ਸਿੰਘ ਅਤੇ ਪਰਵੀਨ ਸਿੰਘ ਹਾਜਿਰ ਸਨ । ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਿਪਨ ਕੁਮਾਰ ਨੇ ਦੱਸਿਆ ਕਿ ਕੌਂਸਲ ਵੱਲੋਂ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇ ਕੋਈ ਵੀ ਪਾਬੰਦੀਸ਼ੁਦਾ ਪਾਲੀਥੀਨ ਲਿਫਾਫਾ ਵਰਤਦਾ ਪਾਇਆ ਗਿਆ ਤਾਂ ਨਗਰ ਕੌਂਸਲ ਵੱਲੋਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।