District NewsMalout News

ਵਿਸ਼ਵ ਟੀ.ਬੀ ਦਿਵਸ ਦੇ ਮੌਕੇ ਤੇ ਲੰਬੀ ਸਿਹਤ ਸਟਾਫ ਵੱਲੋਂ ਕੀਤਾ ਗਿਆ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ

ਮਲੋਟ (ਲੰਬੀ): ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫਸਰ ਲੰਬੀ ਡਾ. ਪਵਨ ਮਿੱਤਲ ਦੀ ਯੋਗ ਅਗਵਾਈ  ਹੇਠ ਅੱਜ ਵਿਸ਼ਵ ਟੀ.ਬੀ (ਤਪਦਿਕ) ਦਿਵਸ ਦੇ ਮੌਕੇ ਤੇ ਸਿਹਤ ਸਟਾਫ ਲੰਬੀ ਵੱਲੋਂ ਇੱਕ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸ਼ਕਤੀਪਾਲ ਨੇ ਦੱਸਿਆ ਕਿ ਅੱਜ ਦੀ ਇਸ ਵਿਸ਼ੇਸ਼ ਰੈਲੀ ਦਾ ਮੁੱਖ ਉਦੇਸ਼ ਲੋਕਾਂ ਵਿੱਚ ਟੀ.ਬੀ ਦੀ ਬਿਮਾਰੀ ਦੇ ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਅੱਜ ਦੀ ਇਹ ਰੈਲੀ ‘ਹਾਂ, ਅਸੀਂ ਟੀ.ਬੀ ਨੂੰ ਖਤਮ ਕਰ ਸਕਦੇ ਹਾਂ’ ਥੀਮ ਤਹਿਤ ਕੱਢੀ ਜਾ ਰਹੀ ਹੈ।

ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਟੀ.ਬੀ ਦੀ ਬਿਮਾਰੀ ਇਲਾਜ ਯੋਗ ਹੈ। ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ ਦੇ ਟੈਸਟ ਅਤੇ ਇਲਾਜ ਦੀਆਂ ਮੁਫਤ ਸੁਵਿਧਾਵਾਂ ਉਪਲੱਬਧ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਟੀ.ਬੀ ਦੇ ਮਰੀਜਾਂ ਨੂੰ ਵਿੱਤੀ ਅਤੇ ਮੁਫਤ ਰਾਸ਼ਨ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਐੱਸ.ਆਈ ਪ੍ਰਿਤਪਾਲ ਸਿੰਘ ਤੂਰ ਨੇ ਅਪੀਲ ਕਰਦਿਆਂ ਆਖਿਆ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਬਿਮਾਰੀ ਦੇ ਖਾਤਮੇ ਲਈ ਸਰਕਾਰ ਵਲੋਂ ਵਿੱਢੀ ਗਈ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਐੱਸ.ਆਈ ਰਣਜੀਤ ਸਿੰਘ, ਨਰਸਿੰਗ ਦੀਆਂ ਵਿਦਿਆਰਥਣਾਂ, ਆਸ਼ਾ ਅਤੇ ਆਂਗਨਵਾੜੀ ਵਰਕਰਾਂ, ਮਨਜੀਤ ਸਿੰਘ, ਦਯਾ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਿਰ ਸਨ।

 

Author: Malout Live

Back to top button