ਉਮੀਦਵਾਰਾਂ ਦੇ ਖਰਚੇ ਦੀ ਸੀਮਾ 30.80 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤੀ
ਮਲੋਟ/ਸ਼੍ਰੀ ਮੁਕਤਸਰ ਸਾਹਿਬ:- ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ ਲੜ੍ਹਨ ਵਾਲੇ ਉਮੀਦਵਾਰਾਂ ਦੇ ਚੋਣ ਖਰਚਿਆਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇੱਕ ਉਮੀਦਵਾਰ ਆਪਣੀ ਚੋਣ ਮੁਹਿੰਮ ਉੱਤੇ ਵੱਧ ਤੋਂ ਵੱਧ 40 ਲੱਖ ਰੁਪਏ ਹੀ ਖ਼ਰਚ ਕਰ ਸਕੇਗਾ, ਪਹਿਲਾਂ ਇਹ ਖਰਚਾ ਹੱਦ 30.80 ਮਿਥੀ ਗਈ ਸੀ ਜੋ ਕਿ ਹੁਣ ਵਧਾ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਬੇਹਤਾਸ਼ਾ ਖਰਚੇ ਨੂੰ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਮੀਦਵਾਰ ਰੈਲੀਆਂ, ਪ੍ਰਚਾਰ ਸਮੱਗਰੀ, ਇਸ਼ਤਿਹਾਰਬਾਜ਼ੀ, ਗੱਡੀਆਂ ਅਤੇ ਚੋਣਾਂ ਲਈ ਜ਼ਰੂਰੀ ਹੋਰ ਫੁਟਕਲ ਕੰਮਾਂ ਉੱਤੇ ਹੀ ਖਰਚ ਸਕਣਗੇ। ਇਸ ਲਈ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਇੱਕ ਦਿਨ ਪਹਿਲਾਂ ਆਪਣੇ ਨਾਮ ਉੱਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਜਾਂ ਪੋਸਟਲ ਖਾਤਾ ਖੁਲ੍ਹਵਾਉਣਾ ਪਵੇਗਾ। ਉਮੀਦਵਾਰ ਸਾਰਾ ਚੋਣ ਖਰਚਾ ਇਸੇ ਖਾਤੇ ਵਿੱਚੋਂ ਕਰ ਸਕਣਗੇ। 10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਗਦੀ ਕੀਤੀ ਜਾ ਸਕੇਗੀ ਜਦਕਿ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰਨੀ ਪਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਗੈਰ-ਕਾਨੂੰਨੀ ਤਰੀਕੇ ਜਿਵੇਂ ਕਿ ਸ਼ਰਾਬ ਅਤੇ ਨਸ਼ਿਆਂ ਦੀ ਵੰਡ, ਨਗਦੀ ਦੀ ਵੰਡ, ਤੋਹਫ਼ਿਆਂ ਦੀ ਵੰਡ ਆਦਿ ਨਾ ਕੀਤੀ ਜਾਵੇ। ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ `ਤੇ ਨਿਗਰਾਨੀ ਰੱਖਣ ਲਈ ਜਿੱਥੇ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਖਰਚਾ ਨਿਗਰਾਨ ਭੇਜੇ ਜਾਣਗੇ ਉਥੇ ਹੀ ਸਥਾਨਕ ਪੱਧਰ ਉੱਤੇ ਵੀ ਕਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਜੋ ਵੀ ਖਰਚਾ ਕੀਤਾ ਜਾਵੇਗਾ ਉਸਦਾ ਵੇਰਵਾ ਰੋਜ਼ਾਨਾ ਖਰਚਾ ਰਜਿਸਟਰ ਵਿੱਚ ਦਰਜ ਕਰਨਾ ਹੋਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਗੁਪਤ ਰਜਿਸਟਰ ਵਿੱਚ ਵੀ ਇਹੀ ਖਰਚਾ ਦਰਜ ਕੀਤਾ ਜਾਵੇਗਾ। ਦੋਵੇਂ ਰਜਿਸਟਰਾਂ ਦਾ ਖਰਚਾ ਆਪਸ ਵਿੱਚ ਮੇਲ ਖਾਣਾ ਚਾਹੀਦਾ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਰਿਜ਼ਲਟ ਆਉਣ ਤੱਕ ਦੇ ਸਾਰੇ ਖਰਚੇ ਦੇ ਬਿੱਲ ਅਤੇ ਵਾਊਚਰ ਸੰਭਾਲ ਕੇ ਰੱਖਣੇ ਪੈਣਗੇ। ਹਰੇਕ ਖਰਚੇ ਦੀ ਪ੍ਰਵਾਨਗੀ ਸੰਬੰਧਤ ਰਿਟਰਨਿੰਗ ਅਫ਼ਸਰ ਤੋਂ ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਖਰਚਾ ਚੋਣ ਕਮਿਸ਼ਨ ਵੱਲੋਂ ਤਹਿ ਰੇਟਾਂ ਮੁਤਾਬਿਕ ਹੀ ਬੁੱਕ ਕੀਤਾ ਜਾਵੇਗਾ। ਖਰਚਾ ਨਿਗਰਾਨ ਪੂਰੀ ਚੋਣ ਪ੍ਰਕਿਰਿਆ ਦੌਰਾਨ ਖੁਦ ਤਿੰਨ ਵਾਰ ਹਰੇਕ ਉਮੀਦਵਾਰ ਦਾ ਚੋਣ ਖਰਚਾ ਰਜਿਸਟਰ ਚੈੱਕ ਕਰਨਗੇ। ਉਹਨਾਂ ਅੱਗੇ ਦੱਸਿਆ ਕਿ ਕੋਈ ਵੀ ਉਮੀਦਵਾਰ ਜਾਤ, ਧਰਮ, ਰੰਗ ਅਤੇ ਲਾਲਚ ਦੇ ਸਿਰ ਉੱਤੇ ਵੋਟਾਂ ਨਹੀਂ ਮੰਗੀਆਂ ਜਾ ਸਕਣਗੀਆਂ। ਹਰੇਕ ਰਾਜਸੀ ਸਰਗਰਮੀ ਲਈ ਅਗਾਊਂ ਪ੍ਰਵਾਨਗੀ ਲੈਣੀ ਪਾਵੇਗੀ। ਡੋਰ-ਟੂ-ਡੋਰ ਚੋਣ ਪ੍ਰਚਾਰ ਲਈ ਵੀ ਸਿਰਫ 5 ਵਿਅਕਤੀ ਹੀ ਜਾ ਸਕਦੇ ਹਨ। ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਸਮਾਜਿਕ ਭਾਈਚਾਰਾ ਅਤੇ ਸਦਭਾਵਨਾ ਦਾ ਮਾਹੌਲ ਖ਼ਰਾਬ ਹੋਵੇ। ਚੋਣ ਜ਼ਾਬਤਾ ਖਤਮ ਹੋਣ ਤੱਕ ਆਪਣਾ ਹਰ ਤਰ੍ਹਾਂ ਦਾ ਅਸਲਾ ਨੇੜਲੇ ਪੁਲਿਸ ਸਟੇਸ਼ਨ ਉੱਤੇ ਜਮ੍ਹਾਂ ਕਰਵਾਇਆ ਜਾਵੇ ਅਤੇ ਕੋਰੋਨਾ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।