ਜ਼ਿਲ੍ਹਾ ਕਚਹਿਰੀ ਕੋਰਟ ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਵੱਛਤ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ- ਸ਼੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤ ਸਰਕਾਰ ਦੇ ਨਿਆਂ ਮੰਤਰਾਲਿਆਂ ਵੱਲੋਂ ਸਵੱਛਤ ਹੀ ਸੇਵਾ ਦੀ ਮੁਹਿੰਮ ਸੰਬੰਧੀ ਪੱਤਰ ਜਾਰੀ ਕਰਕੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਸਫਾਈ ਮੁਹਿੰਮ ਵਿੱਚ ਪੂਰਾ ਯੋਗਦਾਨ ਪਾਉਣ, ਉਸੇ ਤਹਿਤ ਮਾਨਯੋਗ ਰਜਿਸਟਰਾਰ ਜਨਰਲ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਚਹਿਰੀ ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮਾਨਯੋਗ ਸ਼੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਦੀ ਪ੍ਰਧਾਨਗੀ ਹੇਠ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ, ਵਕੀਲ ਸਾਹਿਬਾਨ, ਕੋਰਟ ਕੰਪਲੈਕਸ ਦੇ ਕਰਮਚਾਰੀ/ਸਫਾਈ ਸੇਵਕ ਅਤੇ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਸਫਾਈ ਸੇਵਕਾਂ ਸਮੇਤ ਡੰਪ ਵੈਨ (ਕੂੜਾ ਚੁੱਕਣ ਵਾਲੀ) ਰਾਹੀ ਕਚਹਿਰੀ ਕੰਪਲੈਕਸ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ ਅਤੇ ਨਾਲ ਦੀ ਨਾਲ ਹੀ ਡੰਪ ਵੈਨ ਰਾਹੀਂ ਕੂੜਾ ਚੁੱਕਿਆ ਗਿਆ।
ਇਸ ਤਹਿਤ ਮਾਨਯੋਗ ਸ਼੍ਰੀ ਜਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਕਿਉਂਕਿ ਇਹ ਸਕੀਮ ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ ਬੜੇ ਜੋਸ਼ ਨਾਲ ਚਲਾਈ ਜਾ ਰਹੀ ਹੈ, ਤਾਂ ਜੋ ਆਪਣਾ ਆਲਾ ਦੁਆਲਾ ਪੂਰਾ ਸਾਫ ਰੱਖਿਆ ਜਾ ਸਕੇ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਜੱਜ ਸਾਹਿਬ ਵੱਲੋਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਅਤੇ ਪ੍ਰੈੱਸ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਸ਼ਹਿਰ ਦੀ ਸਫਾਈ ਮੁਹਿੰਮ ਸੰਬੰਧੀ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦਾ ਆਮ ਲੋਕਾਂ ਉੱਪਰ ਚੰਗਾ ਪ੍ਰਭਾਵ ਪੈ ਰਿਹਾ ਹੈ ਅਤੇ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਵੱਧ ਤੋਂ ਵੱਧ ਰੱਖੀ ਜਾਵੇ। ਇਸ ਮੌਕੇ ਮਿਸ ਹਰਪ੍ਰੀਤ ਕੌਰ ਸੀ.ਜੇ.ਐੱਮ/ਸਕੱਤਰ ਵੱਲੋਂ ਵੀ ਦੱਸਿਆ ਗਿਆ ਕਿ ਜਿਲ੍ਹਾ ਕਾਨੂੰਨੀ ਅਥਾਰਿਟੀ ਵੱਲੋਂ ਵੀ ਸਫਾਈ ਮੁਹਿੰਮ ਤਹਿਤ ਭਾਗ ਲੈ ਕੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਵੀ ਭਾਰਤ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਸ਼ਹਿਰ ਨੂੰ ਵੱਧ ਤੋਂ ਵੱਧ ਸੁੰਦਰ ਬਣਾਇਆ ਜਾਵੇ। Author: Malout Live