ਆਈ.ਜੀ ਫ਼ਰੀਦਕੋਟ ਅਤੇ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮੇਲਾ ਮਾਘੀ 2024 ਨੂੰ ਸ਼ਾਂਤੀਪੂਰਵਕ ਕਰਵਾਉਣ ਦੇ ਲਈ ਵੱਖ-ਵੱਖ ਜੱਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਾਲ 2024 ਦੌਰਾਨ ਲੱਗਣ ਵਾਲੇ ਮੇਲਾ ਮਾਘੀ ਨੂੰ ਯੋਗ ਸੁਰੱਖਿਆ ਪ੍ਰਬੰਧਾ ਹੇਠ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਸ. ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ (ਆਈ.ਜੀ) ਫਰੀਦਕੋਟ ਰੇਂਜ ਫਰੀਦਕੋਟ ਅਤੇ ਸ਼੍ਰੀ. ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਧਾਰਮਿਕ ਜੱਥੇਬੰਦੀਆਂ, ਗੁਰਦੁਆਰਾ ਕਮੇਟੀ ਮੈਂਬਰਾਂ, ਵਪਾਰ ਮੰਡਲ ਦੇ ਮੈਂਬਰਾਂ, ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮੇਲੇ ਦੇ ਪ੍ਰਬੰਧਕਾਂ ਨਾਲ ਅਗਾਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹਾਜ਼ਿਰ ਆਏ ਹਾਜ਼ਰੀਨ ਪਾਸੋਂ ਮੇਲੇ ਮਾਘੀ ਦੇ ਸੰਬੰਧ ਵਿੱਚ ਸੁਝਾਅ ਮੰਗੇ ਗਏ ਅਤੇ ਪਿਛਲੇ ਸਾਲ ਦੌਰਾਨ ਆਈਆਂ ਸਮੱਸਿਆਵਾਂ ਸੰਬੰਧੀ ਵਿਸ਼ੇਸ਼ ਤੌਰ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਸ. ਗੁਰਸ਼ਰਨ ਸਿੰਘ ਸੰਧੂ ਆਈ.ਜੀ ਫਰੀਦਕੋਟ ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਮੇਲਾ ਮਾਘੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਪੁਲਿਸ ਵਿਭਾਗ ਵੱਲੋਂ ਯੋਗ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ

ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਸਹਾਇਤਾ ਕੇਂਦਰ ਬਣਾਏ ਜਾਣਗੇ ਜਿਸ ਤੇ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਮਾੜੇ ਅਨਸਰਾਂ ਦੀ ਨਿਗਰਾਨੀ ਲਈ ਵੱਖ-ਵੱਖ ਭੀੜ ਵਾਲੀਆਂ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ ਅਤੇ ਰੂਟ ਪਲਾਨ ਵੀ ਤਿਆਰ ਕੀਤਾ ਜਾਵੇਗਾ। ਜਿਸ ਤਹਿਤ ਕਿਸੇ ਵੀ ਤਰ੍ਹਾਂ ਦੇ ਹੈਵੀ ਵਹੀਕਲਾਂ ਨੂੰ ਸ਼ਹਿਰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸ.ਕੰਵਰਜੀਤ ਸਿੰਘ ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ, ਸ.ਸਤਨਾਮ ਸਿੰਘ ਡੀ.ਐੱਸ.ਪੀ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਸੰਜੀਵ ਗੋਇਲ ਡੀ.ਐੱਸ.ਪੀ (ਡੀ), ਸ. ਰੇਸ਼ਮ ਸਿੰਘ ਮੈਨੇਜਰ ਦਰਬਾਰ ਸਾਹਿਬ, ਸ. ਸੁਖਦੇਵ ਸਿੰਘ ਸਹਾਇਕ ਮੈਨੇਜਰ ਦਰਬਾਰ ਸਾਹਿਬ, ਸ.ਜਸਪਾਲ ਸਿੰਘ, ਬਾਬਾ ਮਨਜੀਤ ਸਿੰਘ ਗੁਰਦੁਆਰਾ ਗੁਰੂ ਕਾ ਖੂਹ, ਡਾ. ਨਰੇਸ਼ ਪਰੂਥੀ, ਜਸਪ੍ਰੀਤ ਸਿੰਘ ਛਾਬੜਾ, ਵਪਾਰ ਮੰਡਲ ਦੇ ਅਹੁਦੇਦਾਰਾਂ ਤੋਂ ਇਲਾਵਾ ਇੰਦਰਜੀਤ ਬਾਂਸਲ, ਕਸ਼ਮੀਰ ਸਿੰਘ, ਦੇਸਰਾਜ ਤਨੇਜਾ ਅਤੇ ਮੇਲਾ ਪ੍ਰਬੰਧਕ ਹਾਜ਼ਿਰ ਸਨ। Author: Malout Live