ਇੱਕ ਸਾਥ ਦੀ ਉਮੀਦ
ਇੱਕਲੀ ਇੱਕਲੀ ਧੀ ਨੀਦੋ ਦਾ ਮਾਪਿਆਂ ਨੇ ਬੜੀ ਰੀਝ ਨਾਲ ਵਿਆਹ ਕੀਤਾ। ਨੀਦੋ ਦੀ ਇੱਕ ਧੀ ਵੀ ਹੈ। ਕੁਝ ਦਿਨ ਬਾਅਦ ਨੀਦੋ ਦੇ ਪਤੀ ਸੁਖਦੇਵ ਦਾ ਵੀਜਾ ਲਗ ਗਿਆ ਤੇ ਉਹ ਨਿਊਜ਼ੀਲੈਂਡ ਚਲਾ ਗਿਆ। ਨੀਦੋ ਸਹੁਰੇ ਘਰ ਆਪਣੀ ਸੱਸ ਨਾਲ ਰਹਿੰਦੀ ਹੈ। ਪਰ ਨੀਦੋ ਦੇ ਘਰਵਾਲੇ ਦੇ ਵਿਦੇਸ਼ ਜਾਣ ਤੋਂ ਬਾਅਦ ਸੱਸ ਨੇ ਨੀਦੋ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦ ਵੀ ਨੀਦੋ ਆਪਣੇ ਪਤੀ ਨੂੰ ਆਪਣੇ ਉੱਤੇ ਸੱਸ ਦੁਆਰਾ ਕੀਤੇ ਜਾਂਦੇ ਤਸ਼ੱਦਦ ਬਾਰੇ ਦੱਸਣ ਲਗਦੀ ਤਾਂ ਪਤੀ ਆਪਣੀ ਪਤਨੀ ਤੇ ਯਕੀਨ ਨਾ ਕਰਕੇ ਨੀਦੋ ਨੂੰ ਗਾਲਾਂ ਕੱਢਦਾ ਤੇ ਆਪਣੀ ਮਾਂ ਤੇ ਯਕੀਨ ਕਰਦਾ। ਉਹ ਆਪਣੇ ਪੇਕਿਆਂ ਨੂੰ ਵੀ ਕੁਝ ਨਾ ਦੱਸਦੀ ਕਿਉਕਿ ਪੇਕੇ ਵੀ ਸਹੁਰਿਆਂ ਦੀ ਹੀ ਸੁਣਦੇ। ਸਹੁਰੇ ਵੀ ਪੇਕਿਆਂ ਸਾਹਮਣੇ ਚੰਗੇ ਬਣ ਜਾਦੇ ਸਨ। ਨੀਦੋ ਮਜਬੂਰ ਹੋ ਕੇ ਰਹਿ ਗਈ। ਨੀਦੋ ਹੁਣ ਇਸ ਆਸ ਵਿੱਚ ਜਿਉਂਦੀ ਕਿ ਪਰਮਾਤਮਾ ਕਦੀ ਤਾਂ ਉਸਦੀ ਸੁਣੇਗਾ, ਕਦੀ ਤਾਂ ਚੰਗੇ ਦਿਨ ਆਉਣਗੇ, ਕਦੀ ਤਾਂ ਇਹ ਸੁਧਰਨਗੇ। ਮਾਂ-ਪੁੱਤ ਹਮੇਸ਼ਾ ਨੀਦੋ ਨੂੰ ਨਿੰਦਦੇ ਰਹਿੰਦੇ। ਨੀਦੋ ਆਪਣੀ ਧੀ ਦੀ ਜਿੰਦਗੀ ਬਾਰੇ ਸੋਚ ਕੇ ਸਭ ਕੁਝ ਸਹਿੰਦੀ ਰਹੀ। ਇੱਕ ਦਿਨ ਐਸਾ ਆਇਆ ਕਿ ਸੱਸ ਨੇ ਝੂਠੇ ਇਲਜ਼ਾਮ ਲਗਾਏ ਤੇ ਨੀਦੋ ਨੇ ਅੱਖਾਂ ਵਿੱਚ ਵਹਿੰਦੇ ਹੰਝੂਆਂ ਨਾਲ ਇੱਕ ਸੁਸਾਇਡ ਨੋਟ ਲਿਖਿਆ ਤੇ ਪ੍ਰੇਸ਼ਾਨ ਹੋ ਕੇ ਆਪਣੀ ਧੀ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ। ਜਦ ਲੋਕਾਂ ਨੇ ਸੁਸਾਇਡ ਨੋਟ ਪੜ੍ਹਿਆ ਤਾਂ ਹਰ ਇੱਕ ਦੀਆਂ ਅੱਖਾਂ ਨਮ ਹੋਈਆਂ। ਲਿਖਿਆ ਸੀ ਕਿ ਹਰ ਵਕਤ ਸੱਸ ਹੀ ਸਹੀ ਨਹੀ ਹੁੰਦੀ ਕਦੀ ਪਤਨੀ ਵੀ ਸਹੀ ਹੁੰਦੀ ਹੈ। ਜਿਹੜੀ ਆਪਣਾ ਘਰ ਬਣਾਉਣ ਲਈ ਵਿਆਹ ਕੇ ਆਈ ਹੈ, ਉਸ ਤੇ ਵੀ ਯਕੀਨ ਕਰਨਾ ਸੀ। ਤੇਰੇ ਤੇ ਸਿਰਫ ਇਹ ਹੀ ਉਮੀਦ ਸੀ ਕਿ ਤੂੰ ਮੇਰਾ ਜੀਵਨਸਾਥੀ ਹੈ। ਆਸ ਸੀ ਕੀ ਤੂੰ ਮੇਰੀ ਗੱਲ ਤੇ ਯਕੀਨ ਕਰੇਗਾ। ਸਹੁਰਿਆਂ ਨੂੰ ਵੀ ਕਿਸੇ ਦੀ ਧੀ ਨੂੰ ਇੰਨਾ ਪ੍ਰੇਸ਼ਾਨ ਨਹੀ ਕਰਨਾ ਚਾਹੀਦਾ ਕਿ ਉਹ ਸੁਸਾਇਡ ਕਰਨ ਲਈ ਮਜਬੂਰ ਹੋ ਜਾਏ। ਗੁਰਮੀਤ ਕੌਰ ਮੀਤ ਕੋਟਕਪੂਰਾ ermeet@rediffmail.com