ਸਿਹਤ ਮੰਤਰੀ ਜੌੜਾਮਾਜਰਾ ਦਾ ਦਾਅਵਾ-ਪੰਜਾਬ ਨੂੰ 2025 ਤੱਕ ਕੀਤਾ ਜਾਵੇਗਾ ਟੀ.ਬੀ ਮੁਕਤ
ਮਲੋਟ (ਪੰਜਾਬ): ਪੰਜਾਬ ਵਿੱਚ ਵਧ ਰਹੀ ਟੀ.ਬੀ ਦੀ ਬੀਮਾਰੀ ਨੂੰ ਲੈ ਕੇ ਸਿਹਤ ਮੰਤਰੀ ਜੌੜਾਮਾਜਰਾ ਨੇ ਵੱਡਾ ਬਿਆਨ ਦਿੰਦਿਆ ਕਿਹਾ ਕਿ 2025 ਤੱਕ ਪੰਜਾਬ ਨੂੰ ਟੀ.ਬੀ ਮੁਕਤ ਕਰ ਦਿੱਤਾ ਜਾਵੇਗਾ। ਸਾਲ 2022-23 ਵਿੱਚ 70,000 ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ। ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਨੂੰ ਬ੍ਰਾਂਜ ਕੈਟਾਗਰੀ ਦਾ ਸਰਟੀਫਿਕੇਟ ਮਿਲ ਗਿਆ ਹੈ। ਅਗਲੇ ਸਾਲ ਤੱਕ ਪੰਜਾਬ ਸਿਲਵਰ ਕੈਟਾਗਰੀ ਵਿੱਚ ਸ਼ਾਮਿਲ ਹੋ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਟੀ.ਬੀ ਦੇ ਨਵੇਂ ਕੇਸਾਂ ਵਿੱਚ 80 ਫੀਸਦੀ ਤੋਂ ਵੱਧ ਕਮੀ ਲਿਆ ਕੇ ਟੀ.ਬੀ ਦੇ ਖਾਤਮੇ ਦੇ ਉਦੇਸ਼ ਨਾਲ ਮਗਸੀਪਾ ਚੰਡੀਗੜ੍ਹ ਵਿਖੇ ਦੋ ਰੋਜ਼ਾ
ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜੌੜਾਮਾਜਰਾ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਹਾਲ ਹੀ ਵਿੱਚ ਸੂਬੇ ਦੇ 40 ਦੇ ਕਰੀਬ ਕਾਰੋਬਾਰੀ ਘਰਾਣਿਆਂ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਉਹਨਾਂ ਨੂੰ ਆਪਣੇ-ਆਪ ਨੂੰ ਨੀ-ਕਸ਼ੈ ਮਿੱਤਰਾਂ ਵਜੋਂ ਭਰਤੀ ਕਰਨ ਦੀ ਅਪੀਲ ਕੀਤੀ ਗਈ ਹੈ। ਉਹਨਾਂ ਡੀ.ਟੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਉਹਨਾਂ ਨਾਲ ਸੰਪਰਕ ਕਰਨ ਅਤੇ ਇਸ ਨੂੰ ਅਗਲੇ ਪੱਧਰ ਤੱਕ ਲੈ ਜਾਣ। ਉਹਨਾਂ ਨੇ ਦੁਹਰਾਇਆ ਕਿ ਟੀ.ਬੀ ਦੇ ਖਾਤਮੇ ਦਾ ਟੀਚਾ ਭਾਵੇਂ ਵੱਡਾ ਅਤੇ ਔਖਾ ਜਾਪਦਾ ਹੈ ਪਰ ਸਮੂਹਿਕ ਯਤਨਾਂ ਨਾਲ ਇਸ ਨੂੰ ਹਾਸਿਲ ਕੀਤਾ ਜਾਵੇਗਾ। Author: Malout Live