ਗੁਰਪ੍ਰੀਤ ਕੌਰ ਮਾਨਸਾ ਨੇ ਜਿੱਤਿਆ 'ਧੀ ਪੰਜਾਬ ਦੀ' ਦਾ ਖਿਤਾਬ

ਫ਼ਰੀਦਕੋਟ:- ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਨਾਲ ਸਬੰਧਤ ਯੁਵਕ ਸੇਵਾਵਾਂ ਵਿਭਾਗ ਵੱਲੋਂ 19ਵਾਂ ਰਾਜ ਪੱਧਰੀ ਸੱਭਿਆਚਾਰਕ ਮੁਕਾਬਲਾ 'ਧੀ ਪੰਜਾਬ ਦੀ' ਕਲੱਬ ਦੇ ਸੀਨੀਅਰ ਮੈਂਬਰ ਸਵ. ਨਰਿੰਦਰ ਸਿੰਘ ਪਟੇਲ ਡੀਡ ਰਾਈਟਰ ਦੀ ਨਿੱਘੀ ਯਾਦ ਨੂੰ ਸਮਰਪਤ ਕੀਤਾ ਗਿਆ। ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸ਼ਾਨਦਾਰ ਆਡੀਟੋਰੀਅਮ 'ਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਗੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਫ਼ਰੀਦਕੋਟ ਸ਼ਾਮਲ ਹੋਏ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਲੱਬ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਵਾਰ ਮੁਕਾਬਲੇ 'ਚ ਪੰਜਾਬਣ ਮੁਟਿਆਰਾਂ ਦੀ ਰੁਚੀ ਵੇਖਦੇ ਹੋਏ ਚਾਰ ਸਥਾਨਾਂ 'ਤੇ ਉਪ ਚੋਣ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਲੋਕ ਗਾਇਕ ਸੁਰਜੀਤ ਗਿੱਲ ਨੇ ਧਾਰਮਕ ਗੀਤ 'ਪਿਤਾ ਮਿਲਜੇ ਕਲਗੀਧਰ ਵਰਗਾ' ਨਾਲ ਕੀਤੀ। ਫ਼ਿਰ ਬਾਲ ਕਲਾਕਾਰ ਨਜ਼ਮੀਤ ਨੇ ਸੋਲੋ ਡਾਂਸ ਨਾਲ ਹਾਜ਼ਰੀ ਲਵਾਈ। ਲੋਕ ਗਾਇਕ ਦੀਪ ਗਿੱਲ ਨੇ 'ਦੁਨੀਆ ਮੇਲੇ ਜਾਂਦੀ ਐ' ਗੀਤ ਨਾਲ ਪ੍ਰਭਾਵਿਤ ਕੀਤਾ। ਸੁਖਵਿੰਦਰ ਸਾਰੰਗ ਨੇ 'ਧੀਓ ਹੱਸਦੀਓ ਰਹੋ' 'ਧੀਆਂ ਦਾ ਸਤਿਕਾਰ' ਗੀਤਾਂ ਨਾਲ ਪ੍ਰੋਗਰਾਮ ਨੂੰ ਸਿਖ਼ਰਾਂ 'ਤੇ ਪਹੁੰਚਾਇਆ। ਸੁਰੀਲੇ ਗਾਇਕ ਸਿਕੰਦਰ ਸਲੀਮ ਨੇ ਕਰੀਬ ਅੱਧਾ ਘੰਟਾ ਸਾਹਿਤ ਗੀਤਾਂ ਨਾਲ ਮਨਮੋਹਕ ਪੇਸ਼ਕਾਰੀ ਕੀਤੀ। ਇਸ ਮੌਕੇ ਚਾਰ ਰਾਊਂਡਜ਼ 'ਚ ਸੱਭਿਆਚਾਰਕ ਮੁਕਾਬਲੇ ਹੋਏ ਅਤੇ 'ਧੀ ਪੰਜਾਬ ਦੀ' ਵਾਸਤੇ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ 'ਚ ਗੁਰਪ੍ਰੀਤ ਕੌਰ ਮਾਨਸਾ ਨੇ ਧੀ ਪੰਜਾਬ ਦੀ ਪੁਰਸਕਾਰ ਜਿੱਤਿਆ। ਉਸ ਨੂੰ ਸੋਨੇ ਦੀ ਸੱਗੀ, ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ, ਸੋਨੇ ਦਾ ਕੋਕਾ ਅਤੇ ਫ਼ੁੱਲਕਾਰੀ ਦੇ ਕੇ ਸਨਮਾਨਤ ਕੀਤਾ ਗਿਆ। ਦੂਜਾ ਸਥਾਨ ਸੁਨਾਮ ਦੀ ਰਜਨਦੀਪ ਕੌਰ ਨੇ ਜਿੱਤਿਆ, ਉਸ ਨੂੰ ਸੋਨੇ ਦਾ ਟਿੱਕਾ, ਸੋਨੇ ਦਾ ਕੋਕਾ, ਯਾਦਗਾਰੀ ਚਿੰਨ੍ਹ, ਫ਼ੁੱਲਕਾਰੀ, ਪ੍ਰਮਾਣ ਪੱਤਰ ਨਾਲ ਸਨਮਾਨਤ ਕੀਤਾ। ਤੀਜੇ ਸਥਾਨ 'ਤੇ ਰਹਿਣ ਵਾਲੀ ਆਯੂਸ਼ੀ ਕਾਮਰਾ ਫ਼ਿਰੋਜ਼ਪੁਰ ਨੂੰ ਸੋਨੇ ਦੀ ਜੁਗਨੀ, ਸੋਨੇ ਦਾ ਕੋਕਾ, ਫ਼ੁੱਲਕਾਰੀ, ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ। ਫ਼ਾਈਨਲ ਮੁਕਾਬਲੇ 'ਚ ਭਾਗ ਲੈਣ ਵਾਲੀਆਂ 15 ਹੋਰ ਲੜਕੀਆਂ ਨੂੰ ਸੋਨੇ ਦਾ ਕੋਕਾ, ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਜੱਜਮੈਂਟ ਫ਼ਿਲਮੀ ਅਦਾਕਾਰ ਗੁਰਮੀਤ ਸਾਜਨ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ/ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਚੂੰਨੀ ਕਲਾਂ ਡਾ. ਸਰਬਜੀਤ ਕੌਰ ਸੋਹਲ, ਡਾ. ਜਸਵਿੰਦਰਪਾਲ ਕੌਰ ਫ਼ਿਰੋਜ਼ਪੁਰ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ, ਜਸਵਿੰਦਰਪਾਲ ਸਿੰਘ ਮਿੰਟੂ, ਸੁਨੀਰੁੱਧ ਸਿੰਘ ਸੰਨੀ ਨੇ ਨਿਭਾਈ। ਕਲੱਬ ਦੇ ਜਨਰਲ ਸਕੱਤਰ ਸੁਨੀਲ ਚੰਦਿਆਣਵੀ ਨੇ ਅੰਤ 'ਚ ਸਭ ਦਾ ਧੰਨਵਾਦ ਕੀਤਾ।