ਤੁਰਦਾ ਫਿਰਦਾ ਖੇਡ ਰਿਹਾ ਸੀ ‘PUBG’, ਡਿੱਗਿਆ ਖੂਹ ‘ਚ

ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਹਿਬ ਦੇ ਨੇੜੇ ਪੈਂਦੇ ਥਾਣਾ ਮੂਲੇਪੁਰ ਅਧੀਨ ਪਿੰਡ ਚਨਾਰਥਲ ਕਲਾਂ ਵਿਖੇ ਇੱਕ ਨੌਜਵਾਨ ਦੀ PUBG ਗੇਮ ਖੇਡਦੇ ਖੂਹ ਵਿੱਚ ਡਿੱਗਣ ਨਾਲ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੀਤੀ ਰਾਤ ਕਰੀਬ 8:15 ਵਜੇ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ ਸੈਰ ਕਰਨ ਲਈ ਘੁੰਮਣ ਗਿਆ ਹੋਇਆ ਸੀ, ਪਰ ਅਚਾਨਕ ਖੇਤਾਂ ਵਿੱਚ ਇਕ ਪੁਰਾਣੇ ਖੂਹ ਵਿੱਚ ਜਾ ਡਿੱਗਿਆ । ਜਿਸ ਦੀਆਂ ਅਵਾਜਾਂ ਸੁਣ ਕੇ ਨਜ਼ਦੀਕੀ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਖੂਹ ਦੇ ਪਾਣੀ ਵਿੱਚ ਡੁੱਬ ਗਿਆ ।ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਫੋਨ ਵਿੱਚ PUBG ਗੇਮ ਖੇਡ ਰਿਹਾ ਸੀ, ਜਿਸਦਾ ਅਚਾਨਕ ਧਿਆਨ ਭਟਕ ਗਿਆ ਅਤੇ ਉਹ ਤੁਰਦਾ-ਤੁਰਦਾ ਨੇੜੇ ਖੂਹ ਵਿੱਚ ਜਾ ਡਿੱਗਿਆ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਖੂਹ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।