ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਮਲੋਟ ਵਿਖੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਮਲੋਟ ਦੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਅੱਜ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਕਰਮਜੀਤ ਸ਼ਰਮਾ ਵੱਲੋਂ ਸਵੇਰ ਦੀ ਸਭਾ ਦੌਰਾਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਖਾਸ ਤੌਰ ‘ਤੇ ਵਿਦਿਆਰਥੀ ਕਰਨ ਕੁਮਾਰ, ਜਿਸ ਨੇ ਜੇ.ਈ.ਈ ਐਡਵਾਂਸ ਟੈਸਟ ਕਲੀਅਰ ਕੀਤਾ, ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਇੰਸ, ਕਾਮਰਸ, ਵੋਕੇਸ਼ਨਲ ਅਤੇ ਆਰਟਸ ਦੇ ਟੋਪਰ ਵਿਦਿਆਰਥੀਆਂ ਦੇ ਨਾਲ-ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਸਪੋਰਟਸ ਵਿੰਗ ਵਿੱਚੋਂ ਖੇਡਾਂ ਵਿੱਚ ਮੱਲਾਂ ਮਾਰਨ ਵਾਲਿਆਂ ਵਿਦਿਆਰਥੀਆਂ (ਟੇਬਲ ਟੈਨਿਸ, ਕ੍ਰਿਕਟ ਅਤੇ ਬੈਡਮਿੰਟਨ ਦੀਆਂ ਟੀਮਾਂ) ਨੂੰ ਵੀ ਮੈਡਲ ਦੇ ਕੇ ਨਿਵਾਜਿਆ ਗਿਆ। ਸਟੇਜ ਸਕੱਤਰ ਸ਼੍ਰੀ ਹਰਜੀਤ ਮੋਂਗਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਬਾਅਦ ਸ਼੍ਰੀ ਮਨੋਹਰ ਲਾਲ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੀ ਕਰਮਜੀਤ ਸ਼ਰਮਾ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਸਿੱਖਿਆ ਪ੍ਰਾਪਤੀ ਜੀਵਨ ਦਾ ਇੱਕ ਜਰੂਰੀ ਅੰਗ ਹੈ। ਅੰਤ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਿੰਸ ਸ਼ਰਮਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਿਰ ਸੀ। Author: Malout Live