85 ਸਾਲ ਤੋਂ ਵਧੇਰੇ ਉਮਰ ਦੇ ਅਤੇ ਦਿਵਿਆਂਗ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਪਾਈਆਂ ਵੋਟਾਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਯੋਗ ਅਗਵਾਈ ਵਿੱਚ ਸਹਾਇਕ ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਮਲੋਟ ਡਾ. ਸ੍ਰੀ ਸੰਜੀਵ ਕੁਮਾਰ ਐੱਸ.ਡੀ.ਐਮ ਮਲੋਟ ਦੁਆਰਾ ਚਲਾਈ ਵੋਟਰ ਜਾਗਰੂਕਤਾ ਮੁਹਿੰਮ ਨੂੰ ਉਸ ਵਕਤ ਬੂਰ ਪਿਆ ਜਦੋਂ ਮਲੋਟ ਹਲਕੇ ਦੇ 85 ਸਾਲ ਤੋਂ ਵੱਧ ਉਮਰ ਅਤੇ ਦਿਵਿਆਂਗ ਵੋਟਰਾਂ ਨੇ ਲੋਕ ਸਭਾ ਚੋਣ ਹਲਕਾ ਫਿਰੋਜ਼ਪੁਰ ਵਿੱਚ ਡੋਰ-ਟੂ-ਡੋਰ ਵੋਟਿੰਗ ਦੌਰਾਨ ਭਾਰੀ ਉਤਸ਼ਾਹ ਨਾਲ ਵੋਟਾਂ ਪਾਈਆਂ। ਇਸ ਦੌਰਾਨ ਪੋਸਟਲ ਬੈਲਟ ਪੇਪਰ ਨੇਡਲ ਅਫ਼ਸਰ ਸ੍ਰੀ ਗੁਰਲਾਲ ਸਿੰਘ ਹਲਕਾ ਮਲੋਟ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਵੋਟਰਾਂ ਤੋਂ ਪਹਿਲਾਂ ਫਾਰਮ 12D ਭਰਵਾਏ ਗਏ ਅਤੇ ਕੁੱਲ 241 ਵੋਟਰਾਂ ਨੇ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਇੱਛਾ ਜਾਹਿਰ ਕੀਤੀ, ਵੋਟਾਂ ਪਵਾਉਣ ਲਈ ਸੈਕਟਰ ਅਫ਼ਸਰ ਦੀ ਅਗਵਾਈ ਵਿੱਚ ਟੀਮਾਂ ਬਣਾਈਆਂ ਗਈਆਂ।

ਇਸ ਮੌਕੇ ਬੂਥ ਲੈਵਲ ਅਫਸਰ ਵੱਲੋਂ ਇੱਕ-ਇੱਕ ਵੇਟਰ ਤੱਕ ਪਹੁੰਚ ਕੀਤੀ ਗਈ ਅਤੇ ਟੀਮਾਂ ਦੁਆਰਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦੇ ਦਿਨ ਵਿੱਚ ਵੋਟਾਂ ਦਾ ਕੰਮ ਮੁਕੰਮਲ ਕੀਤਾ ਅਤੇ 222 ਵੋਟਰਾਂ ਨੇ ਰਿਕਾਰਡ ਤੋੜ ਵੇਟਿੰਗ ਕੀਤੀ ਅਤੇ ਇਸ ਤਰ੍ਹਾਂ ਵੇਟ ਪ੍ਰਤੀਸ਼ਤ 92.11% ਰਿਕਾਰਡ ਕੀਤੀ ਗਈ। ਐੱਸ.ਡੀ.ਐਮ ਮਲੋਟ ਡਾ. ਸੰਜੀਵ ਕੁਮਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਵੀ ਹੁੰਮ ਹੁਮਾ ਕੇ ਵੋਟ ਪਾਉਣ। ਉਨ੍ਹਾਂ ਇਸ ਸ਼ਾਨਦਾਰ ਕਾਮਯਾਬੀ ਲਈ ਪੋਸਟਲ ਬੈਲਟ ਪੇਪਰ ਟੀਮ 085 ਮਲੋਟ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ਼ ਨੂੰ ਵਧਾਈ ਦਿੱਤੀ। Author : Malout Live