ਸਰਕਾਰੀ ਕੰਨਿਆ ਸੀ.ਸੈ. ਸਕੂਲ ਭਾਗਸਰ ਵਿਖੇ ਕਰੀਅਰ ਗਾਈਡੈਂਸ ਸੈਮੀਨਾਰ
ਸ੍ਰੀ ਮੁਕਤਸਰ ਸਾਹਿਬ:- ਸਰਕਾਰੀ ਕੰਨਿਆ ਸੀ.ਸੈ. ਸਕੂਲ ਭਾਗਸਰ ਵਿਖੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਵਿੱਚ 124 ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ। ਡਾਈਟ ਸੰਸਥਾ ਦੇ ਪ੍ਰਿੰਸੀਪਲ ਲਖਵੰਤ ਸਿੰਘ ਜੀ ਨੇ 12ਵੀਂ ਦੇ ਵਿਦਿਆਰਥੀਆਂ ਨੂੰ ਈ.ਟੀ.ਟੀ. ਕੋਰਸ ਬਾਰੇ ਗਾਈਡ ਕੀਤਾ। ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਤੋਂ ਕਰੀਅਰ ਕਾਉਂਸਲਰ ਅਰਸ਼ਪ੍ਰੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਇਹਨਾਂ ਦੀ ਤਿਆਰੀ, ਮਾਈ ਭਾਗੋ ਆਰਮਡ ਫੋਰਸਜ਼ ਪਰੈਪ੍ਰੇਟਰੀ ਇੰਸਟੀਚਿਊਟ ਮੋਹਾਲੀ ਅਤੇ ਅਗਲੇਰੀ ਪੜ੍ਹਾਈ ਬਾਰੇ ਗਾਈਡ ਕੀਤਾ ਗਿਆ।
ਸ.ਗੁਰਕ੍ਰਿਪਾਲ ਸਿੰਘ (ਲੈਕਚਰਾਰ, ਸਸਸਸ ਭੂੰਦੜ) ਨੇ ਬੱਚਿਆਂ ਨੂੰ ਵੱਖ-ਵੱਖ ਐਂਟਰੈਂਸ ਟੈਸਟਾਂ ਬਾਰੇ ਅਤੇ ਸਿਵਲ ਸਰਵਿਸਜ਼ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦਵਿੰਦਰ ਸਿੰਘ (ਲੈਕਚਰਾਰ, ਸਸਸਸ ਸੋਥਾ) ਨੇ ਬੱਚਿਆਂ ਨੂੰ ਪੌਲੀਟੈਕਨਿਕ ਕੋਰਸਾਂ, ਆਈ.ਟੀ.ਆਈ ਕੋਰਸਾਂ ਅਤੇ ਪੈਰਾ-ਮੈਡੀਕਲ ਕੋਰਸਾਂ ਬਾਰੇ ਗਾਈਡ ਕੀਤਾ। ਸੈਮੀਨਾਰ ਦੌਰਾਨ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਆਏ ਹੋਏ ਮਾਪਿਆਂ ਨੂੰ ਸਰਕਾਰੀ ਸਕੂਲ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਾਉਣ ਲਈ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਿਆ। ਇਸ ਸੈਮੀਨਾਰ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਸ੍ਰੀਮਤੀ ਸੁਖਵਿੰਦਰ ਕੌਰ, ਗਾਈਡੈਂਸ ਇੰਚਾਰਜ ਮੈਡਮ ਗੀਤਾ ਰਾਣੀ, ਮੈਡਮ ਸੁਖਦੀਪ ਕੌਰ, ਮੈਡਮ ਪਰਮਜੀਤ ਕੌਰ, ਨਰੇਸ਼ ਕੁਮਾਰ ਸਲੂਜਾ, ਬੂਟਾ ਸਿੰਘ ਵਾਕਫ਼ ਅਤੇ ਗੁਰਜੀਤ ਕੌਰ ਆਦਿ ਹਾਜਰ ਸਨ।
ਸੈਮੀਨਾਰ ਤੋਂ ਬਾਅਦ ਕਰੀਅਰ ਕਾਉਂਸਲਰ ਅਰਸ਼ਪ੍ਰੀਤ ਸਿੰਘ ਵਲੋਂ 12ਵੀਂ ਦੇ ਵਿਦਿਆਰਥੀਆਂ ਨੂੰ ਮਨੋਵਿਗਿਆਨ ਵਿਸ਼ੇ ਵਿੱਚ ਕਰੀਅਰ ਬਾਰੇ ਅਲੱਗ ਤੋਂ ਲੈਕਚਰ ਦਿੱਤਾ ਅਤੇ ਵਿਦਿਆਰਥੀਆਂ ਦੀ ਕਾਉਂਸਲਿੰਗ ਵੀ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਆਏ ਹੋਏ ਬੁਲਾਰਿਆਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਕੋਲੋ ਇੱਕ ਬੂਟਾ ਵੀ ਸਕੂਲ ਵਿੱਚ ਲਗਵਾਇਆ ਅਤੇ ਸਭ ਦਾ ਧੰਨਵਾਦ ਕੀਤਾ।