ਕਿਸਾਨਾਂ ਲਈ ਖੁਸ਼ਖਬਰੀ! ਹੁਣ ਸਿਰਫ਼ ਦੋ ਹਫ਼ਤਿਆਂ 'ਚ ਕ੍ਰੈਡਿਟ ਕਾਰਡ

ਕਿਸਾਨਾਂ ਨੂੰ ਹੁਣ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਏਗਾ। ਕੇਂਦਰ ਸਰਕਾਰ ਨੇ ਬੈਂਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਅਰਜ਼ੀ ਦੇ 15ਵੇਂ ਦਿਨ, ਯਾਨੀ ਦੋ ਹਫ਼ਤਿਆਂ ਅੰਦਰ ਕ੍ਰੈਡਿਟ ਕਾਰਡ ਬਣ ਜਾਏ। ਕ੍ਰੈਡਿਟ ਕਾਰਡ ਬਣਵਾਉਣ ਲਈ ਪਿੰਡ ਪੱਧਰ 'ਤੇ ਮੁਹਿੰਮ ਚਲਾਈ ਜਾਏਗੀ। ਖੇਤੀ-ਕਿਸਾਨੀ ਲਈ ਵਿਆਜ ਦਰ ਉਂਝ ਤਾਂ 9 ਫੀਸਦੀ ਹੈ ਪਰ ਸਰਕਾਰ ਇਸ ਵਿੱਚ 2 ਫੀਸਦੀ ਦੀ ਸਬਸਿਡੀ ਦਿੰਦੀ ਹੈ। ਇਸ ਤਰ੍ਹਾਂ ਇਹ 7 ਫੀਸਦੀ ਹੀ ਪੈਂਦਾ ਹੈ। ਸਮੇਂ 'ਤੇ ਕਰਜ਼ਾ ਮੋੜਨ ਉੱਤੇ 3 ਫੀਸਦੀ ਵਾਧੂ ਛੋਟ ਦਿੱਤੀ ਜਾਂਦੀ ਹੈ। ਕ੍ਰੈਡਿਟ ਕਾਰਡ ਦੀ ਸੁਵਿਧਾ ਪਸ਼ੂ-ਪਾਲਣ ਤੇ ਮੱਛੀ ਪਾਲਣ ਲਈ ਵੀ ਉਪਲੱਬਧ ਕਰਾਈ ਜਾਂਦੀ ਹੈ। ਇਨ੍ਹਾਂ ਦੋਵੇਂ ਹੀ ਸ਼੍ਰੇਣੀਆਂ ਨੂੰ ਇਸ ਦੇ ਤਹਿਤ ਵੱਧ ਤੋਂ ਵੱਧ 2 ਲੱਖ ਰੁਪਏ ਤਕ ਦਾ ਕਰਜ਼ਾ ਮਿਲ ਸਕਦਾ ਹੈ। ਖੇਤੀ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਕਿਸੇ ਵੀ ਬੈਂਕ ਤੋਂ ਕ੍ਰੈਡਿਟ ਕਾਰਡ ਬਣਵਾਇਆ ਜਾ ਸਕਦਾ ਹੈ। ਇਸ ਦੇ ਲਈ ਸਿਰਫ 3 ਦਸਤਾਵੇਜ਼ (ਕਿਸਾਨ ਦਾ ਪ੍ਰਮਾਣ ਪੱਤਰ, ਨਿਵਾਸ ਦਾ ਪ੍ਰਮਾਣ ਪੱਤਰ ਤੇ ਕਿਸਾਨ ਦਾ ਸਹੁੰ ਪੱਤਰ ਕਿ ਉਸ ਨੇ ਹੋਰ ਕਿਸੇ ਬੈਂਕ ਵਿੱਚ ਕਰਜ਼ਾ ਬਕਾਇਆ ਨਹੀਂ) ਹੀ ਲਏ ਜਾਣਗੇ।ਸਰਕਾਰ ਨੇ ਬੈਂਕਿੰਗ ਐਸੋਸੀਏਸ਼ਨ ਨੂੰ ਕਿਹਾ ਹੈ ਕਿ ਕ੍ਰੈਡਿਟ ਕਾਰਡ ਦੀ ਅਰਜ਼ੀ ਲਈ ਕੋਈ ਫੀਸ ਨਾ ਲਈ ਜਾਏ। ਸੂਬਾ ਸਰਕਾਰਾਂ ਤੇ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕੈਂਪ ਲਾ ਕੇ ਕਿਸਾਨ ਕ੍ਰੈਡਿਟ ਕਾਰਡ ਬਣਵਾਏ ਜਾਣ। ਇਸ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਿੰਨ੍ਹਾਂ ਸੂਬਿਆਂ ਵਿੱਚ ਬਹੁਤ ਘੱਟ ਕਿਸਾਨਾਂ ਨੇ ਇਸ ਦਾ ਫਾਇਦਾ ਲਿਆ ਹੈ, ਉੱਥੇ ਕੇਂਦਰ ਦੀ ਟੀਮ ਦੌਰਾ ਕਰੇਗੀ।