ਬਠਿੰਡਾ ਦੀ CIA ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ
ਬਠਿੰਡਾ:- ਬਠਿੰਡਾ ਦੀ ਸੀ.ਆਈ.ਏ. -2 ਪੁਲਿਸ ਨੇ ਡੀ-ਕੈਟਾਗਰੀ ਦੇ ਗੈਂਗਸਟਰ ਲਾਲੀ ਸਿਧਾਣਾ ਨੂੰ ਅੱਜ ਕਰੀਬ ਤਿੰਨ ਵਜੇ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਲਾਲੀ ਦੀ ਗ੍ਰਿਫ਼ਤਾਰੀ ਉਸਦੇ ਸਹੁਰੇ ਪਿੰਡ ਲਹਿਰਾ ਧੂਰਕੋਟ ਤੋਂ ਹੋਈ ਹੈ। ਗੈਂਗਸਟਰ ਲਾਲੀ ਨੂੰ ਫੜਨ ਲਈ ਪੁਲਿਸ ਲੰਬੇ ਸਮੇਂ ਤੋਂ ਤਲਾਸ਼ ਕਰ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਲਹਿਰਾ ਧੂਰਕੋਟ ‘ਚ ਲਾਲੀ ਦੇ ਸਹੁਰੇ ਹਨ, ਜਿੱਥੇ ਉਹ ਪਰਿਵਾਰ ਨੂੰ ਮਿਲਣ ਲਈ ਆਇਆ ਸੀ। ਪੁਲਿਸ ਦੀਆਂ ਕਈ ਗੱਡੀਆਂ ਪਹਿਲਾਂ ਪਿੰਡ ਦੇ ਬਾਹਰ ਆਈਆਂ ,ਜਿਨ੍ਹਾਂ ‘ਚੋਂ ਇਕ ਗੱਡੀ ‘ਤੇ ਸਵਾਰ ਸਿਵਲ ਕੱਪੜਿਆਂ ਵਿਚ ਆਈ ਪੁਲਿਸ ਨੇ ਪਿੰਡ ਦੇ ਚੌਕੀਦਾਰ ਨੂੰ ਨਾਲ ਲੈ ਕੇ ਲਾਲੀ ਦੇ ਸਹੁਰੇ ਘਰ ਰੇਡ ਕੀਤੀ। ਜਦੋਂ ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਕਿ ਲਾਲੀ ਸਿਧਾਣਾ ਆਪਣੇ ਸਹੁਰੇ ਘਰ ‘ਚ ਹੀ ਹੈ ਤਾਂ ਪੁਲਿਸ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ। ਜ਼ਿਕਰਯੋਗ ਹੈ ਕਿ ਲਾਲੀ ਸਿਧਾਣਾ ਨੇ 2014 ਵਿਚ ਆਪਣੇ ਚਾਚੇ ਅਤੇ ਚਚੇਰੇ ਭਰਾ ’ਤੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਦੌਰਾਨ ਉਸਦੇ ਚਾਚਾ ਸੁਦਾਗਰ ਸਿੰਘ ਅਤੇ ਚਚੇਰਾ ਭਰਾ ਅਮਨਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਪੁਲਿਸ ਵੱਲੋਂ ਉਸ ਖਿਲਾਫ਼ ਅਦਾਲਤ ਵਿਚ ਸਮੇਂ ਸਿਰ ਚਲਾਨ ਨਾ ਪੇਸ਼ ਕੀਤੇ ਜਾਣ ਕਾਰਨ ਉਸਦੀ ਜ਼ਮਾਨਤ ਹੋ ਗਈ ਸੀ, ਜਿਸ ਮਗਰੋਂ ਉਸਦਾ ਨਾਂਅ ਲੁੱਟਾਂ ਖ਼ੋਹਾਂ ਦੇ ਕਈ ਮਾਮਲਿਆਂ ਵਿਚ ਵੀ ਵੱਜਦਾ ਰਿਹਾ।ਦਿਲਚਸਪ ਗੱਲ ਇਹ ਰਹੀ ਕਿ ਲਾਲੀ ਸਿਧਾਣਾ ਉਕਤ ਮਾਮਲੇ ਵਿਚ ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਦੇ ਦਿਨ ਤੋਂ ਭਗੌੜਾ ਸੀ।ਪੁਲਿਸ ਪਿਛਲੇ ਕਾਫ਼ੀ ਸਮੇਂ ਤੋਂ ਲਾਲੀ ਦੇ ਮਗਰ ਲੱਗੀ ਹੋਈ ਸੀ। ਲਾਲੀ ਸਿਧਾਣਾ ਦੇ ਸਹੁਰੇ ਪਰਿਵਾਰ ਨੇ ਉਸਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।