ਪੰਜਾਬ ਐਂਡ ਸਿੰਧ ਬੈਂਕ ਨੇ ਆਰਮੀ ਇਲੈਵਨ ਨੂੰ 5-4 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਕੀਤਾ ਪ੍ਰਵੇਸ਼
ਜਲੰਧਰ : ਜਲੰਧਰ ਵਿਖੇ 36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਇਸ ਵਾਰ ਗੁਰੂ ਨਾਨਕ ਦੇਵ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 10 ਤੋਂ ਸ਼ੁਰੂ ਹੋ ਕੇ 19 ਅਕਤੂਬਰ ਤੱਕ ਬਲਟਨ ਪਾਰਕ ਦੇ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿਸ ਦਾ ਰਸਮੀ ਉਦਘਾਟਨ 11 ਅਕਤੂਬਰ ਨੂੰ ਹੋਇਆ ਹੈ। ਇਸ ਦੌਰਾਨ ਪੰਜਾਬ ਐਂਡ ਸਿੰਧ ਬੈਂਕ ਨੇ ਪੈਨਲਟੀ ਸ਼ੂਟ ਆਊਟ ਰਾਹੀਂ ਪਿਛਲੇ ਸਾਲ ਦੀ ਜੇਤੂ ਆਰਮੀ ਇਲੈਵਨ ਨੂੰ 5-4 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਜਾਰੀ ਉਕਤ ਟੂਰਨਾਮੈਂਟ ਦੇ 9ਵੇਂ ਦਿਨ ਦੋਵੇਂ ਸੈਮੀਫਾਇਨਲ ਖੇਡੇ ਗਏ ਹਨ। ਪਹਿਲੇ ਸੈਮੀਫਾਇਨਲ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਮੈਚ ਦੇ ਪਹਿਲੇ ਅੱਧ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। 6ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪਹਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਬੈਂਕ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 31ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਰਾਹੁਲ ਰਾਠੀ ਨੇ ਗੋਲ ਕਰਕੇ ਬਰਾਬਰੀ ਕੀਤੀ। 33ਵੇਂ ਮਿੰਟ ਵਿੱਚ ਬੈਂਕ ਨੂੰ ਗੋਲ ਕਰਨ ਲਈ ਪੈਨਲਟੀ ਸਟਰੋਕ ਮਿਲਿਆ ਪਰ ਕਪਤਾਨ ਅੰਤਰਰਾਸ਼ਟਰੀ ਸੰਤਾ ਸਿੰਘ ਗੋਲ ਕਰਨ ਵਿੱਚ ਨਾਕਾਮ ਰਿਹਾ। ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਬੈਂਕ ਦੇ ਹੱਕ ਵਿੱਚ 4-3 ਨਾਲ ਰਿਹਾ। ਬੈਂਕ ਵਲੋਂ ਗਗਨਪ੍ਰੀਤ ਸਿੰਘ, ਹਰਮਨਜੀਤ ਸਿੰਘ, ਜਸਕਰਨ ਸਿੰਘ, ਸੰਤਾ ਸਿੰਘ ਨੇ ਗੋਲ ਕੀਤੇ ਜਦ ਕਿ ਆਰਮੀ ਵਲੋਂ ਰਾਜੰਤ ਰਾਜਪੂਤ, ਸੰਜੇ ਟੋਪੋ ਅਤੇ ਰਾਹੁਲ ਰਾਠੀ ਨੇ ਗੋਲ ਕੀਤੇ।