ਤਨਖਾਹਾਂ ਨਾ ਮਿਲਣ ਕਾਰਣ ਜੰਗਲਾਤ ਵਿਭਾਗ ਦੇ ਕਾਮੇ ਹੋਏ ਪ੍ਰੇਸ਼ਾਨ
ਗਿੱਦੜਬਾਹਾਂ:- ਜੰਗਲਾਤ ਵਰਕਰ ਯੂਨੀਅਨ ਗਿੱਦੜਬਾਹਾਂ ਦੇ ਵਰਕਰਾਂ ਵਲੋਂ ਅਹਿਮ ਮੀਟਿੰਗ ਕਰਕੇ ਜੰਗਲਾਤ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਅਤੇ ਸੰਤਾ ਸਿੰਘ ਛੱਤਿਆਣਾ ਜ਼ਿਲਾ ਸਕੱਤਰ ਨੇ ਪ੍ਰੈੱਸਨੋਟ ਰਾਹੀਂ ਜਾਣਕਾਰੀ ਦਿੱਤੀ। ਉਕਤ ਆਗੂਆਂ ਨੇ ਵਿਭਾਗ ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਜੰਗਲਾਤ ਕਾਮਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਪ੍ਰੇਸ਼ਾਨੀ ’ਚ ਹਨ, ਕਿਉਂਕਿ ਆਰਥਕ ਹਾਲਤ ਮਾੜੇ ਹੋਣ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬੜੇ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨੀਂ ਰੇਂਜ ਅਫਸਰ ਨਾਲ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਹੋਈ ਤੇ ਉਨ੍ਹਾਂ ਯਕੀਨ ਦਿਵਾਇਆ ਸੀ ਕਿ ਜਲਦੀ ਹੀ ਸਾਰੇ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਬਲਾਕ ਅਫ਼ਸਰ ਨੂੰ ਕਿਹਾ ਸੀ ਕਿ ਕਾਮਿਆਂ ਦੀਆਂ ਦਸੰਬਰ 2019 ਤੱਕ ਰਹਿੰਦੀਆਂ ਤਨਖਾਹਾਂ ਦਾ ਹਿਸਾਬ ਬਣਾ ਕੇ ਦੱਸਿਆ ਜਾਵੇ। ਉਨ੍ਹਾਂ ਦੱਸਿਆ ਕਿ ਬਲਾਕ ਅਫ਼ਸਰ ਨੇ ਸਾਰੇ ਕਾਮਿਆਂ ਨੂੰ ਗਿੱਦੜਬਾਹਾਂ ਨਰਸਰੀ ’ਤੇ ਬੁਲਾਇਆ ਸੀ, ਪਰ ਨਾ ਤਾਂ ਆਪ ਆਏ ਤੇ ਨਾ ਹੀ ਕਿਸੇ ਵਣ ਗਾਰਡ ਨੇ ਆ ਕੇ ਸਾਡੀ ਸਾਰ ਲਈ। ਉਨ੍ਹਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਰਹਿੰਦੀਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ। ਇਸ ਸਮੇਂ ਮੋਹਨ ਲਾਲ ਪ੍ਰਧਾਨ ਲੰਬੀ ਰੇਂਜ, ਚਮਕੌਰ ਸਿੰਘ ਛੱਤਿਆਣਾ ਨੇ ਵੀ ਸੰਬੋਧਨ ਕੀਤਾ।