Punjab

CBSE ਸਕੂਲਾਂ ਲਈ ਸ਼ੁਰੂ ਹੋਈ ਫਿੱਟ ਇੰਡੀਆ ਸਕੂਲ ਰੇਟਿੰਗ

ਲੁਧਿਆਣਾ:- ਦੇਸ਼ ‘ਚ ਫਿੱਟ ਇੰਡੀਆ ਵੀਕ ਨੂੰ ਮਿਲੇ ਉਤਸ਼ਾਹ ਤੋਂ ਬਾਅਦ ਹੁਣ ਸਕੂਲਾਂ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਤੰਦਰੁਸਤੀ ਮਤਲਬ ਸਿਹਤ ਫਿੱਟਨੈੱਸ ਦੇ ਆਧਾਰ ‘ਤੇ ਪਰਖਿਆ ਜਾਵੇਗਾ। ਫਿੱਟ ਇੰਡੀਆ ਮੂਵਮੈਂਟ ਦੇ ਤਹਿਤ ਹੁਣ ਸਕੂਲਾਂ ਨੂੰ ਇਸ ਦੇ ਲਈ ਰੇਟਿੰਗ ਵੀ ਮਿਲੇਗੀ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ‘ਮਨ ਕੀ ਬਾਤ’ ਵਿਚ ਦੇਸ਼ ਭਰ ਦੇ ਸਕੂਲਾਂ ਲਈ ਫਿੱਟ ਇੰਡੀਆ ਸਕੂਲ ਗ੍ਰੇਡਿੰਗ ਸਿਸਟਮ ਲਾਂਚ ਕੀਤਾ ਸੀ। ਇਸ ਤੋਂ ਬਾਅਦ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਨੇ ਸੀ. ਬੀ. ਐੱਸ. ਈ. ਸਕੂਲਾਂ ਲਈ ਰੇਟਿੰਗ ਸਿਸਟਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਰੇਟਿੰਗ 3 ਸਟਾਰ ਤੋਂ 5 ਸਟਾਰ ਤੱਕ ਹੋਵੇਗੀ। ਦੱਸਿਆ ਗਿਆ ਹੈ ਕਿ 5 ਸਟਾਰ ਰੇਟਿੰਗ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਗਣਤੰਤਰ ਦਿਵਸ ਜਾਂ ਸਵਤੰਤਰ ਦਿਵਸ ਸਮਾਗਮ ਦਾ ਹਿੱਸਾ ਵੀ ਬਣਾਇਆ ਜਾਵੇਗਾ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਕਿਹਾ ਕਿ ਸਾਰੇ ਸਕੂਲਾਂ ਨੂੰ 31 ਦਸੰਬਰ ਤੱਕ ਫਿੱਟ ਇੰਡੀਆ ਸਟਾਰ ਹਾਸਲ ਕਰਨ ਦੀ ਪ੍ਰਕਿਰਿਆ ਨਾਲ ਜੁੜਨਾ ਜ਼ਰੂਰੀ ਹੋਵੇਗਾ।

ਸੀ. ਬੀ. ਐੱਸ. ਈ. ਨੇ ਦੇਸ਼ ਦੇ ਸਾਰੇ ਸਕੂਲਾਂ ਨੂੰ ਇਸ ਸਬੰਧੀ ਪੱਤਰ ਲਿਖ ਕੇ ਰੇਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਦੇ ਕ੍ਰਾਈਟੇਰੀਆ ‘ਚ ਸਾਫ ਦੱਸਿਆ ਗਿਆ ਹੈ ਕਿ ਇਸ ਵਿਚ ਉਹ ਸਕੂਲ ਜਿਨ੍ਹਾਂ ਦੇ ਸਪੋਰਟਸ ਟੀਚਰ ਫਿੱਟ ਰਹਿਣਗੇ, ਜਿੱਥੇ ਪਲੇਅ ਗਰਾਊਂਡ ਵਿਚ 2 ਜਾਂ ਇਸ ਤੋਂ ਜ਼ਿਆਦਾ ਖੇਡਾਂ ਖੇਡੀਆਂ ਜਾ ਸਕਦੀਆਂ ਹਨ, ਜੋ ਰੋਜ਼ਾਨਾ ਸਾਰੀਆਂ ਕਲਾਸਾਂ ਨੂੰ 1-1 ਫਿਜ਼ੀਕਲ ਐਕਟੀਵਿਟੀ ਦਾ ਪੀਰੀਅਡ ਦੇ ਰਹੇ ਹਨ, ਉਨ੍ਹਾਂ ਨੂੰ ਫਿੱਟ ਇੰਡੀਆ ਸਕੂਲ ਦੀ ਕੈਟਾਗਰੀ ਵਿਚ ਰੱਖਿਆ ਜਾਵੇਗਾ। ਇਸ ਰੇਟਿੰਗ ਵਿਚ ਰੈਂਕ ਹਾਸਲ ਕਰਨ ਵਾਲੇ ਸਕੂਲ ਫਿੱਟ ਇੰਡੀਆ ਲੋਗੋ ਅਤੇ ਝੰਡੇ ਦੀ ਵਰਤੋਂ ਵੀ ਕਰ ਸਕਣਗੇ।
ਜਾਣਕਾਰੀ ਮੁਤਾਬਕ ਖੇਡ ਮੰਤਰਾਲਾ ਵੱਲੋਂ ਉਕਤ ਸਬੰਧੀ ਤਿਆਰ ਰੂਪ ਰੇਖਾ ਵਿਚ ਰੇਟਿੰਗ ਦਾ ਆਧਾਰ ਸਕੂਲ ‘ਚ ਬੱਚਿਆਂ ਅਤੇ ਅਧਿਆਪਕਾਂ ਦੀ ਫਿੱਟਨੈੱਸ ਨੂੰ ਲੈ ਕੇ ਸੰਜੀਦਗੀ ਅਤੇ ਸਰਗਰਮੀਆਂ ਚਲਾਉਣ ਨੂੰ ਰੱਖਿਆ ਗਿਆ ਹੈ। ਉਕਤ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਸਕੂਲਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਫਿੱਟ ਇੰਡੀਆ ਸਕੂਲ ਦੀ ਰੇਟਿੰਗ ਹਾਸਲ ਕਰਨ ਲਈ ਸਕੂਲ ਖੁਦ ਨੂੰ ਸਰਟੀਫਾਈ ਕਰਦੇ ਹੋਏ ਆਨਲਾਈਨ ਰਜਿਸਟ੍ਰੇਸ਼ਨ ਕਰਨਗੇ। ਰਜਿਸਟ੍ਰੇਸ਼ਨ ਤੋਂ ਬਾਅਦ ਸਕੂਲ ਨੂੰ ਆਨਲਾਈਨ ਸਰਟੀਫਿਕੇਟ ਦਿੱਤਾ ਜਾਵੇਗਾ।
ਸਰਕਾਰ ਦੀ ਇਸ ਯੋਜਨਾ ਦੇ ਮੁਤਾਬਕ ਇਹ ਪਤਾ ਲਗ ਸਕੇਗਾ ਕਿ ਸਕੂਲ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਫਿੱਟਨੈੱਸ ਨੂੰ ਕਿੰਨਾ ਮਹੱਤਵ ਦਿੰਦੇ ਹਨ। ਯੋਜਨਾ ਦੇ ਮੁਤਾਬਕ ਫਿੱਟ ਇੰਡੀਆ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਕੀਤੇ ਜਾਣੇ ਹਨ, ਜਿਨ੍ਹਾਂ ਵਿਚ ਕੁਇੱਜ਼, ਨਿਬੰਧ ਲੇਖ, ਚਿੱਤਰਕਾਰੀ, ਰਿਵਾਇਤੀ ਅਤੇ ਖੇਡ ਯੋਗ ਆਸਣ, ਨ੍ਰਿਤ ਅਤੇ ਖੇਡ ਮੁਕਾਬਲੇ ਸ਼ਾਮਲ ਹਨ।

Leave a Reply

Your email address will not be published. Required fields are marked *

Back to top button