Malout News

ਕਰੰਟ ਨਾਲ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਲਗਾਇਆ ਜਾਮ

ਲੰਬੀ- ਬਿਜਲੀ ਮਹਿਕਮਾ ਦੇ ਕੱਚੇ ਠੇਕਾ ਮੁਲਾਜ਼ਮ ਬਲਕਰਨ ਸਿੰਘ ਵਾਸੀ ਸਹਿਣਾਖੇੜਾ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਮੌਤ ਲਈ ਠੇਕੇਦਾਰ, ਬਿਜਲੀ ਮਹਿਕਮਾ ਨੂੰ ਜ਼ਿੰਮੇਵਾਰ ਦੱਸਦਿਆਂ ਬੀ.ਕੇ.ਯੂ. ਏਕਤਾ, ਟੀ.ਐਸ.ਯੂ ਅਤੇ ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਲੰਬੀ ਮੂਹਰੇ ਅਤੇ ਬਾਅਦ ਵਿਚ ਨੈਸ਼ਨਲ ਹਾਈਵੇ ਨੰ: 9 ਤੇ ਟ੍ਰੈਫਿਕ ਨੂੰ ਜਾਮ ਕੀਤਾ । ਸਵ: ਬਲਕਰਨ ਸਿੰਘ ਦੇ ਘਰ ਵਾਲੇ ਤੇ ਜਥੇਬੰਦੀਆਂ ਦੇ ਆਗੂ ਠੇਕੇਦਾਰ ਦੇ ਮੁਕੱਦਮਾ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰਕੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕਰ ਰਹੇ ਸਨ । ਪੁਲਿਸ ਨੂੰ ਦਿੱਤੇ ਬਿਆਨ ਵਿਚ ਸਵ: ਬਲਕਰਨ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬਲਕਰਨ ਸਿੰਘ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਲੰਬੀ ਅਧੀਨ ਬਾਬਾ ਫ਼ਰੀਦ ਇੰਜੀਨੀਅਰ ਕੰਪਨੀ ਕੋਟਕਪੂਰਾ ਅਧੀਨ ਕੰਮ ਕਰਦਾ ਸੀ ਤੇ ਬੀਤੀ 26 ਅਕਤੂਬਰ ਨੂੰ ਢਾਣੀ ਗੁਰਦਾਸ ਸਿੰਘ ਭੀਟੀਵਾਲਾ ਦੇ ਘਰ ਦੇ ਸਾਹਮਣੇ ਵਾਲੇ ਟਰਾਂਸਫ਼ਾਰਮਰ ਤੇ ਬਿਜਲੀ ਠੀਕ ਕਰਨ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਲੰਬੀ ਲਿਆਂਦਾ ਗਿਆ, ਪ੍ਰੰਤੂ ਜ਼ਿਆਦਾ ਗੰਭੀਰ ਹੋਣ ਕਾਰਨ ਬਠਿੰਡਾ ਵਿਖੇ ਰੈਫ਼ਰ ਕੀਤਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋਣ ਸਬੰਧੀ ਠੇਕੇਦਾਰ ਕੰਪਨੀ ਅਤੇ ਬਿਜਲੀ ਬੋਰਡ ਮਹਿਕਮੇ ਨੂੰ ਵਾਰ-ਵਾਰ ਦੱਸਣ ਤੇ ਨਾ ਕੋਈ ਪਾਵਰਕਾਮ ਦਾ ਅਧਿਕਾਰੀ ਤੇ ਨਾ ਹੀ ਠੇਕੇਦਾਰ ਉਨ੍ਹਾਂ ਕੋਲ ਪਹੁੰਚਿਆ । ਇਸ ਲਈ ਬਲਕਰਨ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਠੇਕੇਦਾਰ ਤੇ ਬਿਜਲੀ ਮਹਿਕਮਾ ਹਨ, ਇਸ ਲਈ ਉਹ ਮੰਗ ਕਰਦੇ ਹਨ, ਇਨ੍ਹਾਂ ਿਖ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਜ਼ਿਕਰਯੋਗ ਹੈ ਕਿ ਮਿ੍ਤਕ ਬਲਕਰਨ ਦੀ ਲਾਸ਼ ਅਜੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਹੀ ਪਈ ਹੈ । ਉਧਰ ਜਦੋਂ ਇਸ ਸਬੰਧੀ ਥਾਣਾ ਲੰਬੀ ਦੇ ਐਸ.ਐਚ.ਓ. ਇੰਸਪੈਕਟਰ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਮਿ੍ਤਕ ਬਲਕਰਨ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਦੇ ਬਿਆਨਾਂ ‘ਤੇ ਠੇਕੇਦਾਰ ਆਸੂ, ਅਰਣ ਗਰਗ, ਬਿਜਲੀ ਵਿਭਾਗ ਮਾਰਕੀਟ ਕਮੇਟੀ ਫ਼ਰੀਦਕੋਟ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਖ਼ਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਤੇ ਜਥੇਬੰਦੀਆਂ ਦੇ ਆਗੂ ਠੇਕੇਦਾਰ ਨੂੰ ਗਿ੍ਫ਼ਤਾਰ ਕਰਨ ਦੀ ਮੰਗ ‘ਤੇ ਅੜੇ ਹੋਏ ਸਨ, ਉਨ੍ਹਾਂ ਇਕ ਵਾਰ ਰੋਸ ਧਰਨਾ ਤਾਂ ਸਮਾਪਤ ਕਰ ਦਿੱਤਾ, ਪ੍ਰੰਤੂ 29 ਅਕਤੂਬਰ ਨੂੰ ਥਾਣਾ ਲੰਬੀ ਦੇ ਮੂਹਰੇ ਫਿਰ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ।

Leave a Reply

Your email address will not be published. Required fields are marked *

Back to top button