ਕਾਰ ਤੇ ਟਰਾਲੇ ਦੀ ਟੱਕਰ ਵਿਚ 5 ਜ਼ਖ਼ਮੀ

ਮਲੋਟ:-ਸਥਾਨਕ ਜੀ . ਟੀ . ਰੋਡ ' ਤੇ ਸਵੇਰੇ ਕਰੀਬ 10 ਵਜੇ ਕਾਰ ਅਤੇ ਟਰਾਲੇ ਦੀ ਟੱਕਰ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ , ਜਿੱਥੇ ਇਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਕਾਰ ਨੂੰ ਟਰਾਲਾ ਕਰੀਬ 100 ਮੀਟਰ ਦੀ ਦੂਰੀ ਤੱਕ ਆਪਣੇ ਨਾਲ ਘਸੀਟਦਾ ਲੈ ਗਿਆ ਅਤੇ ਇੱਥੋਂ ਤੱਕ ਕਿ ਸੜਕ ' ਤੇ ਲੱਗੀਆਂ ਗਰਿੱਲਾਂ ਤੋੜ ਕੇ ਕਾਰ ਪਲਟ ਗਈ। ਸਵਾਰੀਆਂ ਵਿਚ ਪ੍ਰਤਿਗਿਆ , ਉਰਮਿਲਾ ਰਾਣੀ , ਕਿਰਨ ਅਤੇ ਰਿਤਿਕਾ , ਵਾਸੀ ਕੁਰਾਈਵਾਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ , ਜਦਕਿ ਬਲਰਾਜ ਕੁਮਾਰ ਵਾਸੀ ਕੁਰਾਈਵਾਲਾ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਰਮਿਲਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਕੁਰਾਈਵਾਲਾ ਤੋਂ ਕਾਰ ਵਿਚ ਕਨਕਵਾਲ ਨੂੰ ਜਾ ਰਹੇ ਸਨ , ਤਾਂ ਜਦੋਂ ਉਹ ਮਲੋਟ ਵਿਖੇ ਉੜਾਂਗ ਪੈਲੇਸ ਕੋਲ ਪਹੁੰਚੇ ਤਾਂ ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਟਰਾਲਾ ਉਨ੍ਹਾਂ ਦੀ ਕਾਰ ਨੂੰ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ ਅਤੇ ਕਾਰ ਸੜਕ ਵਿਚ ਲੱਗੀਆਂ ਗਰਿੱਲਾਂ ਨੂੰ ਤੋੜ ਕੇ ਪਲਟ ਗਈ। ਜਿਸ ਉਪਰੰਤ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਕਾਰ ਵਿਚੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਜਦਕਿ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ' ਤੇ ਫ਼ਰਾਰ ਹੋ ਗਿਆ । ਥਾਣਾ ਸਿਟੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।