ਉੱਘੀ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਕੀਤਾ ਪੁਰਅਦਬ ਕੌਰ ਦਾ ਸਨਮਾਨ
ਮਲੋਟ: ਮਲੋਟ ਸ਼ਹਿਰ ਦੇ ਸਾਹਿਤਕ ਪਰਿਵਾਰ ਦੀ ਤੀਜੀ ਪੀੜ੍ਹੀ ਪੁਰਅਦਬ ਕੌਰ ਜਿਸਨੇ 8 ਸਾਲ ਦੀ ਉਮਰ ਵਿੱਚ ਸਫ਼ਰਨਾਮਾ ਲਿਖ ਕੇ ਪਹਿਲਾਂ ਇੰਡੀਆ ਤੇ ਫਿਰ ਏਸ਼ੀਆ ਦੀ ਸਭ ਤੋਂ ਘੱਟ ਉਮਰ ਦੀ ਸਫ਼ਰਨਾਮਾ ਲੇਖਕ ਹੋਣ ਦਾ ਖ਼ਿਤਾਬ ਹਾਸਿਲ ਕੀਤਾ ਤੇ ਜੋ ਪਿਛਲੇ ਦਿਨੀਂ ਮਲੋਟ ਸ਼ਹਿਰ ਦਾ ਨਾਂ ਰੁਸ਼ਨਾਉਣ ਵਿੱਚ ਓਦੋਂ ਸਫ਼ਲ ਹੋਈ ਸੀ ਜਦੋਂ ਉਸਨੂੰ 'ਤਾਰੇ ਭਲਕ ਦੇ ਪ੍ਰਤਿਭਾ ਮੰਚ ਪਟਿਆਲਾ' ਵੱਲੋਂ ਉਸਦੇ ਲਿਖੇ ਸਫ਼ਰਨਾਮਾ 'ਵਾਕਿੰਗ ਆੱਨ ਕਲਾਊਡਸ' ਲਈ 'ਸਰਵੋਤਮ ਪੁਸਤਕ ਪੁਰਸਕਾਰ' ਲਈ ਚੁਣਿਆ ਗਿਆ। ਪਿਛਲੇ ਦਿਨੀਂ ਟੀਮ ਕਹਿਕਸ਼ਾਂ ਵੱਲੋਂ ਕਰਵਾਏ ਗਏ ਪੰਜਵੇਂ ਸ਼ਬਦ ਮੰਗਲ ਮੁਸ਼ਾਇਰੇ ਵਿੱਚ ਪੁਰਅਦਬ ਨੂੰ ਉੱਘੀ ਪੰਜਾਬੀ ਕਵਿਤਰੀ ਸੁਖਵਿੰਦਰ ਅੰਮ੍ਰਿਤ, ਉਰਦੂ ਪੰਜਾਬੀ ਸ਼ਾਇਰਾ ਰੇਣੂ ਨਈਅਰ, ਪੰਜਾਬੀ ਕਵਿਤਾ ਦੇ ਨਵੇਂ ਹਸਤਾਖ਼ਰ ਰੂਹੀ ਸਿੰਘ ਹੁਰਾਂ ਨੇ 'ਤਾਰੇ ਭਲਕ ਦੇ ਪ੍ਰਤਿਭਾ ਮੰਚ ਪਟਿਆਲਾ' ਵੱਲੋਂ ਸਨਮਾਨ ਚਿੰਨ੍ਹ, ਇਨਾਮ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਭੇਂਟ ਕਰਦਿਆਂ ਉਸਨੂੰ ਉਸਦੀ ਨਿੱਕੀ ਪੁਲਾਂਘ ਲਈ ਮੁਬਾਰਕਬਾਦ ਦਿੱਤੀ। ਸੁਖਵਿੰਦਰ ਅੰਮ੍ਰਿਤ ਹੁਰਾਂ ਦੱਸਿਆ ਕਿ
ਇਹ ਪੁਸਤਕ ਮੈਂ ਆਸਟ੍ਰੇਲੀਆ ਰਹਿੰਦਿਆਂ ਪੜ੍ਹੀ ਤੇ ਮੈਨੂੰ ਇਸ ਪੁਸਤਕ ਨੇ ਬਹੁਤ ਆਨੰਦ ਦਿੱਤਾ। ਇਸ ਸਨਮਾਣ ਮੌਕੇ ਪੁਰਅਦਬ ਦੇ ਮਾਤਾ ਪ੍ਰੋ. ਗੁਰਮਿੰਦਰ ਜੀਤ ਕੌਰ, ਦਾਦੀ ਕੁਲਵੰਤ ਕੌਰ, ਭੂਆ ਹਰਨੀਤ ਕੌਰ ਸਮੇਤ ਦਰਸ਼ਨ ਬੁੱਟਰ, ਅਜੀਤਪਾਲ ਜਟਾਣਾ, ਸੁਆਮੀ ਅੰਤਰ ਨੀਰਵ, ਮੁਕੇਸ਼ ਆਲਮ, ਕਰਨਜੀਤ ਨਕੋਦਰ, ਵਰਿੰਦਰ ਔਲਖ ਉਚੇਚੇ ਰੂਪ ਵਿੱਚ ਹਾਜ਼ਿਰ ਰਹੇ। ਜ਼ਿਕਰਯੋਗ ਹੈ ਕਿ ਪੁਰਅਦਬ ਕੌਰ ਸ਼ਾਇਰ ਮੰਗਲ ਮਦਾਨ ਪੋਤੀ ਅਤੇ ਰਿਸ਼ੀ ਹਿਰਦੇਪਾਲ ਦੀ ਧੀ ਹੈ। ਇਸ ਮੌਕੇ ਪ੍ਰੋ. ਯਸ਼ਪਾਲ ਮੱਕੜ, ਬੱਬਰੂ ਵਹੀਨ ਬਾਂਸਲ, ਰਾਜ ਰੱਸੇਵੱਟ, ਪਰਮਿੰਦਰ ਸਿੰਘ ਪੰਮਾ ਬਰਾੜ, ਕੁਲਵਿੰਦਰ ਪੂਨੀਆ, ਡਾ. ਆਰ.ਪੀ ਸਿੰਘ, ਰਜਿੰਦਰ ਮਾਂਜੀ, ਫ਼ਤਿਹ ਸਿੰਘ ਬਰਾੜ, ਸੁਦਰਸ਼ਨ ਜੱਗਾ, ਕਹਿਕਸ਼ਾਂ ਟੀਮ ਦੇ ਮੈਂਬਰ ਤਰਸੇਮ ਰਾਹੀ, ਪਰਮਜੀਤ ਢਿੱਲੋਂ, ਮਨਜੀਤ ਸੂਖਮ, ਸੁਖਦੇਵ, ਸੰਜੇ ਕੁਮਾਰ, ਪਵਨਦੀਪ ਚੌਹਾਨ, ਪਰਦੀਪ, ਆਦਿ ਨੇ ਪੁਰਅਦਬ ਕੌਰ ਨੂੰ ਇਸ ਸਨਮਾਣ ਲਈ ਮੁਬਾਰਕਬਾਦ ਦਿੱਤੀ। Author: Malout Live