ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਮੇਂ ਸਿਰ ਯੂਰੀਆ ਖਾਦ ਕਰਵਾਈ ਜਾਵੇਗੀ ਮੁਹੱਈਆ- ਡਿਪਟੀ ਕਮਿਸ਼ਨਰ
ਮਲੋਟ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਉਪਲਬਧਤਾ ਸੰਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡੀ.ਐੱਮ ਮਾਰਕਫੈਡ, ਐੱਫ਼.ਐੱਸ.ਓ ਮਾਰਕਫੈਡ, ਏਰੀਆ ਮੈਨੇਜ਼ਰ ਇਫ਼ਕੋ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਇੰਨ:) ਸ਼੍ਰੀ ਮੁਕਤਸਰ ਸਾਹਿਬ ਹਾਜ਼ਿਰ ਸਨ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਲੋੜੀਂਦੀ ਯੂਰੀਆ ਖਾਦ ਦਾ ਕਾਫ਼ੀ ਹਿੱਸਾ ਪ੍ਰਾਪਤ ਹੋ ਚੁੱਕਿਆ ਹੈ ਅਤੇ ਜ਼ਿਲ੍ਹੇ ਵਿੱਚ ਯੂਰੀਆ ਖਾਦ ਸੰਬੰਧੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਆਪਣੇ ਪਿੰਡ ਨਾਲ ਸੰਬੰਧਿਤ ਸਹਿਕਾਰੀ ਸਭਾ ਜਾਂ ਪ੍ਰਾਈਵੇਟ ਖਾਦ ਡੀਲਰਾਂ ਤੋਂ ਯੂਰੀਆ ਖਾਦ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਪਾਈ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਸੀਜ਼ਨ ਦੌਰਾਨ ਜੋ ਯੂਰੀਆ 2 ਤੋਂ 3 ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ, ਉਸ ਨੂੰ ਇੱਕੋ ਸਮੇਂ ਖਰੀਦ ਕੇ ਸਟੋਰ ਨਾ ਕੀਤਾ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਕਣਕ ਦੀ ਫ਼ਸਲ ਨੂੰ 110 ਕਿਲੋਗ੍ਰਾਮ ਯੂਰੀਆ ਪਾਉਣ ਦੀ ਸ਼ਿਫਾਰਿਸ਼ ਹੈ। ਸ਼ਿਫਾਰਿਸ਼ ਤੋਂ ਵੱਧ ਯੂਰੀਆ ਖਾਦ ਪਾਉਣ ਨਾਲ ਫ਼ਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਵੱਧ ਲੱਗਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਵੱਲੋਂ ਖੇਤੀ ਇਨਪੁਟਸ ਖਰੀਦਣ ਸਮੇਂ ਉਹਨਾਂ ਨੂੰ ਪੱਕਾ ਬਿੱਲ ਦਿੱਤਾ ਜਾਵੇ, ਬਿੱਲ ਉੱਪਰ ਕਿਸਾਨ ਦਾ ਨਾਂ, ਪਿਤਾ ਦਾ ਨਾਂ, ਪਿੰਡ ਦਾ ਨਾਂ ਅਤੇ ਮੋਬਾਇਲ ਨੰਬਰ ਦਰਜ ਕੀਤਾ ਜਾਵੇ। ਸਟਾਕ ਰਜਿਸਟਰ ਅਤੇ ਸਟਾਕ ਬੋਰਡ ਐਕਟ ਅਨੁਸਾਰ ਭਰਿਆ ਜਾਵੇ। ਖਾਦ ਮੰਨਜ਼ੂਰਸ਼ੁਦਾ ਗੋਦਾਮ ਵਿੱਚ ਹੀ ਰੱਖੀ ਜਾਵੇ। ਜੇਕਰ ਡੀਲਰ ਕੋਲ ਯੂਰੀਆ ਖਾਦ ਮੌਜੂਦ ਹੈ ਤਾਂ ਕਿਸੇ ਕਿਸਾਨ ਨੂੰ ਮੋੜਿਆ ਨਾ ਜਾਵੇ ਅਤੇ ਯੂਰੀਆ ਖਾਦ ਦੇ ਨਾਲ ਅਣਚਾਹੀ ਵਸਤੂ ਨਾ ਦਿੱਤੀ ਜਾਵੇ। ਜੇਕਰ ਖੇਤੀਬਾੜੀ ਵਿਭਾਗ ਕੋਲ ਖਾਦ ਡੀਲਰ ਵੱਲੋਂ ਕਿਸੇ ਕਿਸਾਨ ਨੂੰ ਯੂਰੀਆ ਖਾਦ ਦੇ ਨਾਲ ਅਣਚਾਹੀ ਵਸਤੂ ਦੇਣ ਜਾਂ ਕੋਈ ਹੋਰ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸੰਬੰਧਿਤ ਡੀਲਰ ਖਿਲਾਫ਼ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫ਼ਸਲਾਂ ਅਤੇ ਖੇਤੀ ਇਨਪੁਟਸ ਲੈਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ/ਜਾਣਕਾਰੀ ਲਈ ਸ਼੍ਰੀ ਜਗਸੀਰ ਸਿੰਘ 9417978084 ਬਲਾਕ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਪਰਮਿੰਦਰ ਸਿੰਘ ਧੰਜੂ 9878020311 ਬਲਾਕ ਖੇਤੀਬਾੜੀ ਅਫ਼ਸਰ ਮਲੋਟ, ਸ਼੍ਰੀ ਅਮਰ ਸਿੰਘ 9872127100 ਬਲਾਕ ਖੇਤੀਬਾੜੀ ਅਫ਼ਸਰ ਲੰਬੀ ਅਤੇ ਸ਼੍ਰੀ ਜਗਮੋਹਨ ਸਿੰਘ 9888320068 ਖੇਤੀਬਾੜੀ ਵਿਕਾਸ ਅਫ਼ਸਰ ਗਿੱਦੜਬਾਹਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵਿੱਚੋਂ ਖਾਦ ਪ੍ਰਾਪਤ ਕਰਨ ਸਮੇਂ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ 9815349645 ਨਾਲ ਸੰਪਰਕ ਕਰ ਸਕਦੇ ਹਨ। Author: Malout Live