ਡੀ.ਆਰ.ਐੱਮ ਦੇ ਮਲੋਟ ਦੌਰੇ ਦੌਰਾਨ ਰੇਲਵੇ ਦੀਆਂ ਸਮੱਸਿਆਵਾਂ ਸੰਬੰਧੀ ਮਲੋਟ ਦੇ ਸਮਾਜ ਸੇਵੀਆਂ ਨੇ ਸੌਂਪਿਆ ਮੰਗ ਪੱਤਰ
ਮਲੋਟ: ਮਲੋਟ ਰੇਲਵੇ ਵਿਭਾਗ ਦੇ ਡੀ.ਆਰ.ਐੱਮ ਐੱਮ.ਐੱਸ ਭਾਟੀਆ ਦਾ ਮਲੋਟ ਦੌਰੇ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਮੂਹ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਗਿੱਲ ਦੀ ਅਗਵਾਈ ’ਚ ਸਮਾਜ ਸੇਵੀਆਂ ਵੱਲੋਂ ਐੱਮ.ਐੱਸ.ਭਾਟੀਆ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਬਹੁਤ ਸਾਰੀਆਂ ਸਹੂਲਤਾਂ ਉਪਲੱਬਧ ਹਨ, ਜਿਸ ਲਈ ਯਾਤਰੀ ਅਤੇ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਰੇਲਵੇ ਵਿਭਾਗ ਦੀਆਂ ਧੰਨਵਾਦੀ ਹਨ। ਇਸ ਤੋਂ ਇਲਾਵਾ ਕੁੱਝ ਸਹੂਲਤਾਂ ਯਾਤਰੀਆਂ ਨੂੰ ਉਪਲੱਬਧ ਕਰਵਾਉਣ ਅਤੇ ਰੇਲ ਗੱਡੀਆਂ ਦਾ ਸਮੇਂ ਸਿਰ ਆਉਂਣ ਦੀ ਮੰਗ ਸਮਾਜ ਸੇਵੀਆਂ ਵੱਲੋਂ ਕੀਤੀ ਗਈ। ਇਸ ਦੌਰਾਨ ਮੰਗ ਕੀਤੀ ਗਈ ਕਿ ਗੱਡੀ ਨੰ. 14756 ਸ਼੍ਰੀਗੰਗਾਨਗਰ ਤੋਂ ਬਠਿੰਡਾ ਦਾ ਮਲੋਟ ਸਟੇਸ਼ਨ ਦਾ ਪੁਰਾਣਾ ਸਮੇਂ ਸ਼ਾਮ 6:30 ਵਜੇ ਸੀ, ਜਦਕਿ ਹੁਣ ਉਸਦਾ ਸਮਾਂ 7:38 ਵਜੇ ਕਰ ਦਿੱਤਾ ਗਿਆ। ਜਿਸ ਕਾਰਨ ਰੋਜਾਨਾ ਯਾਤਰੀਆਂ ਅਤੇ ਆਮ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪੁਰਾਣਾ ਸਮਾਂ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਬਠਿੰਡਾ ਤੋਂ ਸ਼੍ਰੀਗੰਗਾਨਰ ਵੱਲ ਨੂੰ ਜਾਣ ਵਾਲੀਆਂ ਗੱਡੀਆਂ ਸਵੇਰੇ 5:19 ਤੋਂ ਸਵੇਰੇ 11: 57 ਤੱਕ ਲਗਾਤਾਰ 6 ਗੱਡੀਆਂ ਆ ਰਹੀਆਂ ਹਨ, ਉਸ ਤੋਂ ਬਾਅਦ ਸ਼ਾਮ 6 ਵਜੇ ਬਠਿੰਡਾ ਤੋਂ ਅਬੋਹਰ ਤੱਕ ਗੱਡੀ ਚੱਲ ਰਹੀ ਹੈ।
ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਦੇ ਵਿੱਚ ਘੱਟ ਤੋਂ ਘੱਟ 1 ਗੱਡੀ ਹੋਰ ਚਲਾਈ ਜਾਵੇ ਤਾਂ ਜੋ ਯਾਤਰੀਆਂ ਨੂੰ ਹੋਰ ਸਹੂਲਤ ਮਿਲ ਸਕੇ ਅਤੇ ਰੇਲਵੇ ਵਿਭਾਗ ਨੂੰ ਵਿੱਤੀ ਲਾਭ ਮਿਲ ਸਕੇ, ਇਸ ਤੋਂ ਇਲਾਵਾ ਡੀ.ਆਰ.ਐਮ ਅੱਗੇ ਇਹ ਮੰਗ ਵੀ ਰੱਖੀ ਗਈ ਕਿ ਹਾਵੜਾ ਆਉਣ ਜਾਣ ਵਾਲੀ ਉਡਾਨ ਆਭਾ ਐਕਸਪ੍ਰੈਸ (13007-13008) ਜੋ ਪਿਛਲੇ ਡੇਢ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਬੰਦ ਕਰ ਦਿੱਤੀ ਗਈ ਸੀ, ਨੂੰ ਮੁੜ ਸ਼ੁਰੂ ਕੀਤਾ ਜਾਵੇ, ਰੇਲਗੱਡੀ ਨੇ 04702 ਬੀਕਾਨੇਰ ਤੋਂ ਅਬੋਹਰ ਤੱਕ ਚੱਲ ਰਹੀ ਹੈ, ਉਸਦਾ ਵਿਸਥਾਰ ਕਰਦੇ ਹੋਏ ਉਸਨੂੰ ਸ਼੍ਰੀ ਗੰਗਾਨਗਰ ਤੱਕ ਕੀਤਾ ਜਾਵੇ।ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਪਲੇਟਫ਼ਾਰਮ ਨੰ. 1 ਦੀ ਲੰਬਾਈ ਪਲੇਟ ਫ਼ਾਰਮ ਨੰ. 2 ਦੀ ਲੰਬਾਈ ਬਰਾਬਰ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਯਾਤਰੀਆਂ ਦੀਆਂ ਗੱਡੀਆਂ ਤੋਂ ਚੜ੍ਹਣ ਲਹਿਣ ’ਚ ਮੁਸ਼ਕਿਲ ਨਾ ਆਵੇ, ਪੀਣ ਵਾਲੇ ਸਾਫ਼ ਪਾਣੀ ਦੇ ਵਾਟਰਕੂਲਰ ਕਵਰ ਸ਼ੈੱਡ ਸਮੇਤ ਲਗਾਏ ਜਾਣ, ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿੱਚ ਲਿਖਿਆ ਹੋਇਆ, ਨੂੰ ਪੰਜਾਬੀ ਵਿੱਚ ਵੀ ਲਿਖਿਆ ਜਾਵੇ। ਡੀ.ਆਰ.ਐੱਮ ਨੇ ਇਹਨਾਂ ਮੰਗਾਂ ਨੂੰ ਬੜੇ ਗੋਰ ਨਾਲ ਸੁਣਿਆ ਅਤੇ ਡਾ.ਗਿੱਲ ਸਮੇਤ ਸਮਾਜ ਸੇਵੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਇਹਨਾਂ ਸਮੱਸਿਆਵਾਂ ‘ਤੇ ਵਿਚਾਰ ਕਰਕੇ ਯਕੀਨਨ ਇਹਨਾਂ ਮੰਗਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਡਾ.ਗਿੱਲ ਤੋਂ ਇਲਾਵਾ ਮਾ. ਦਰਸ਼ਨ ਲਾਲ ਕਾਂਸਲ, ਦੇਵਰਾਜ ਗਰਗ, ਸੁਨੀਲ ਕੁਮਾਰ, ਮਨਜੀਤ ਸਿੰਘ ਈਨਾ ਖੇੜਾ, ਸੁਖਮੰਦਰ ਸਿੰਘ, ਤਜਿੰਦਰ ਸਿੰਘ ਟੀਨਾ, ਲਜਿੰਦਰ ਸਿੰਘ ਕਾਲੜਾ, ਡਾ.ਰਮੇਸ਼ ਵਾਟਸ, ਸੋਹਨ ਲਾਲ ਗੂੰਬਰ, ਮੁਨੀਸ਼ ਸ਼ਰਮਾ, ਪਵਨ ਗੁਪਤਾ, ਦਿਲਪ੍ਰੀਤ ਸਿੰਘ ਟੀਨਾ ਅਤੇ ਸਟੇਸ਼ਨ ਮਾ. ਜੇ.ਕੇ.ਚੱਡਾ ਮੌਜੂਦ ਸਨ। Author: Malout Live